ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 30 ਜੂਨ
ਚਮਕੌਰ ਸਾਹਿਬ ਤੋਂ ਪਿੰਡ ਸੰਧੂਆਂ ਨੂੰ ਜਾਂਦੀ ਸੜਕ ਦਾ ਪਿੰਡ ਸੈਦਪੁਰ ਦੇ ਮੋੜ ਤੱਕ ਬਹੁਤ ਬੁਰਾ ਹਾਲ ਹੈ। ਸੜਕ ਥਾਂ-ਥਾਂ ਤੋਂ ਟੁੱਟਣ ਕਾਰਨ ਪੱਥਰ ਸੜਕ ਤੋਂ ਬਾਹਰ ਨਿਕਲ ਆਏ ਹਨ, ਜਿਸ ਕਾਰਨ ਕਈ ਰਾਹਗੀਰ ਇਨ੍ਹਾਂ ਪੱਥਰਾਂ ਕਾਰਨ ਡਿੱਗ ਕੇ ਸੱਟਾਂ ਵੀ ਖਾ ਚੁੱਕੇ ਹਨ। ਪਿੰਡ ਸੈਦਪੁਰ ਦੇ ਮੋੜ ਤੋਂ ਲੈ ਕੇ ਸੰਧੂਆਂ ਤੱਕ ਤਾਂ ਸੜਕ ਪਿਛਲੇ ਮਹੀਨਿਆਂ ਦੌਰਾਨ ਬਣਾ ਦਿੱਤੀ ਗਈ ਸੀ ਪਰ ਉਸ ਤੋਂ ਅੱਗੇ ਚਮਕੌਰ ਸਾਹਿਬ ਤੱਕ ਸੜਕ ਬਣਾਈ ਹੀ ਨਹੀਂ ਗਈ, ਜਦੋਂਕਿ ਇਸ ਸੜਕ ਰਾਹੀਂ ਖੰਨਾ, ਸਮਰਾਲਾ ਅਤੇ ਖਮਾਣੋ ਆਦਿ ਸ਼ਹਿਰਾਂ ਤੋਂ ਚਮਕੌਰ ਸਾਹਿਬ ਲਈ ਆਵਾਜਾਈ ਰਹਿੰਦੀ ਹੈ ਅਤੇ ਉਕਤ ਸ਼ਹਿਰਾਂ ਦੀਆਂ ਸੰਗਤਾਂ ਵੀ ਚਮਕੌਰ ਸਾਹਿਬ ਵਿੱਚ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਆਉਂਦੇ ਹਨ ਪਰ ਸਬੰਧਤ ਮਹਿਕਮਾ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਅਕਾਲੀ ਦਲ ਦੇ ਸਰਕਲ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਅਤੇ ਕਿਸਾਨ ਆਗੂ ਬਾਈ ਪਰਮਿੰਦਰ ਸਿੰਘ ਸੇਖੋਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਸੜਕ ਨੂੰ ਤੁਰੰਤ ਬਣਾ ਕੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਤੋਂ ਬਚਾਇਆ ਜਾਵੇ।