ਕਰਮਜੀਤ ਸਿੰਘ ਚਿੱਲਾ
ਬਨੂੜ, 17 ਮਾਰਚ
ਸ਼ੰਭੂ (ਤੇਪਲਾ)-ਬਨੂੜ-ਖਰੜ ਕੌਮੀ ਮਾਰਗ 205-ਏ ਦੇ ਡੂੂੰਘੇ ਟੋਇਆਂ ਤੋਂ ਹੁਣ ਇੱਥੋਂ ਰੋਜ਼ਾਨਾ ਲੰਘਦੇ ਰਾਹਗੀਰਾਂ ਨੂੰ ਨਿਜਾਤ ਮਿਲੇਗੀ। ਕੌਮੀ ਸ਼ਾਹਰਾਹ ਅਥਾਰਿਟੀ ਨੇ ਅੱਜ ਇਸ ਸੜਕ ਦੀ ਮੁਰੰਮਤ ਲਈ ਟੈਂਡਰ ਮੰਗ ਲਏ ਹਨ। ਸੜਕ ਦੀ ਖਸਤਾ ਹਾਲਤ ਕਾਰਨ ਇੱਥੇ ਰਾਤ ਸਮੇਂ ਰੋਜ਼ਾਨਾ ਹਾਦਸੇ ਵਾਪਰਦੇ ਹਨ ਅਤੇ ਟੋੋਇਆਂ ਕਾਰਨ ਵਾਹਨਾਂ ਦਾ ਵੀ ਕਾਫੀ ਨੁਕਸਾਨ ਹੁੰਦਾ ਹੈ।
ਕੌਮੀ ਸ਼ਾਹਰਾਹ ਅਥਾਰਿਟੀ ਦੇ ਪੰਚਕੂਲਾ ਸਥਿਤ ਖੇਤਰੀ ਦਫ਼ਤਰ ਨੇ ਖਰੜ ਤੋਂ ਸ਼ੰਭੂ ਤੱਕ ਦੀ 39.5 ਕਿਲੋਮੀਟਰ ਲੰਬੀ ਸੜਕ ਦੀ ਮੁਰੰਮਤ ਲਈ ਅੱਜ ਈ-ਟੈਂਡਰ ਮੰਗ ਲਏ ਹਨ। ਇਹ ਟੈਂਡਰ 13 ਅਪਰੈਲ ਨੂੰ ਖੁੱਲ੍ਹਣਗੇ। ਸੜਕ ਨੂੰ ਨਵਿਆਉਣ ਲਈ 23,39,69,681 ਰੁਪਏ ਖਰਚ ਕੀਤੇ ਜਾਣਗੇ। ਸੜਕ ਦੀ ਮੁਰੰਮਤ ਦਾ ਕੰਮ 15 ਜੁਲਾਈ ਤੱਕ ਮੁਕੰਮਲ ਹੋ ਜਾਵੇਗਾ। ਦਿੱਲੀ ਅਤੇ ਹੋਰਨਾਂ ਰਾਜਾਂ ਤੋਂ ਪੰਜਾਬ ਨੂੰ ਜਾਣ ਵਾਲੇ ਇਸ ਕੌਮੀ ਮਾਰਗ ਦੀ ਖਸਤਾ ਹਾਲਤ ਸਬੰਧੀ ਕਿਸਾਨ ਜਥੇਬੰਦੀਆਂ ਅਤੇ ਪੰਚਾਇਤਾਂ ਵੱਲੋਂ ਲਗਾਤਾਰ ਆਵਾਜ਼ ਬੁਲੰਦ ਕਰ ਕੇ ਇਸ ਦੀ ਮੁਰੰਮਤ ਦੀ ਮੰਗ ਕੀਤੀ ਜਾ ਰਹੀ ਸੀ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪਿਛਲੇ ਦਿਨੀਂ ਮੁਰੰਮਤ ਦੀ ਮੰਗ ਨੂੰ ਲੈ ਕੇ ਕੌਮੀ ਮਾਰਗ ਅਥਾਰਿਟੀ ਦੇ ਦਫ਼ਤਰ ਅੱਗੇ ਧਰਨਾ ਦੇਣ ਦੀ ਚਿਤਾਵਨੀ ਵੀ ਦਿੱਤੀ ਸੀ।
ਟੈਂਡਰ ਖੁੱਲ੍ਹਣ ਸਾਰ ਸ਼ੁਰੂ ਹੋ ਜਾਵੇਗਾ ਕੰਮ: ਕਾਹਨ ਸਿੰਘ ਪੰਨੂੰ
ਕੌਮੀ ਸ਼ਾਹਰਾਹ ਅਥਾਰਿਟੀ ਦੇ ਪੰਜਾਬ ਦੇ ਸਲਾਹਕਾਰ ਅਤੇ ਪੰਜਾਬ ਦੇ ਸੇਵਾਮੁਕਤ ਆਈਏਐੱਸ ਅਧਿਕਾਰੀ ਕਾਹਨ ਸਿੰਘ ਪੰਨੂੰ ਨੇ ਸ਼ੰਭੂ-ਬਨੂੜ-ਖਰੜ ਕੌਮੀ ਮਾਰਗ ਦੀ ਮੁਰੰਮਤ ਲਈ ਟੈਂਡਰ ਮੰਗਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਟੈਂਡਰ ਖੁੱਲ੍ਹਣ ਸਾਰ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ ਦੋ-ਤਿੰਨ ਮਹੀਨੇ ਵਿੱਚ ਸਮੁੱਚੀ ਸੜਕ ਦੀ ਮੁਰੰਮਤ ਮੁਕੰਮਲ ਹੋ ਜਾਵੇਗੀ।