ਪੱਤਰ ਪ੍ਰੇਰਕ
ਨੂਰਪੁਰ ਬੇਦੀ, 21 ਸਤੰਬਰ
ਬੰਗਾ ਤੋਂ ਆਨੰਦਪਰ ਸਾਹਿਬ ਬਰਾਸਤਾ ਝੱਜ ਚੌਕ ਮੁੱਖ ਮਾਰਗ, ਜੋ ਇਸ ਵੇਲੇ ਬਹੁਤ ਹੀ ਖਸਤਾ ਹਾਲਤ ਵਿੱਚ ਹੈ ਤੇ ਇਹ ਅੱਜ ਕੱਲ੍ਹ ਵਿਵਾਦਾਂ ਵਿੱਚ ਘਿਰੀ ਹੋਈ ਹੈ। ਆਨੰਦਪੁਰ ਸਾਹਿਬ ਤੋਂ ਕਲਵਾਂ ਮੌੜ ਤੱਕ ਸੜਕ ਬਣਾਉਣ ਵਾਲੀ ਕੰਪਨੀ ਐੱਸਐੱਸ ਬਿਲਡਰ ਨੇ ਸਰਕਾਰ ਵੱਲੋਂ ਦਿੱਤਾ ਪੈਸਾ ਖਤਮ ਹੋਣ ਉਤੇ ਕਲਵਾਂ ਮੌੜ ਤੋਂ ਕਾਹਨਪੁਰ ਖੂਹੀ ਤੱਕ ਪੰਜ ਕਿਲੋਮੀਟਰ ਸੜਕ ਦੇ ਟੋਟੇ ਨੂੰ ਛੱਡ ਦਿੱਤਾ ਹੈ ਜਿਸ ’ਤੇ ਰੋਜ਼ਾਨਾ ਚੱਲਣ ਵਾਲੀ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਾਹਨਪੁਰ ਖੂਹੀ, ਗੋਚਰ, ਕਲਵਾਂ ਮੌੜ ਦੁਕਾਨਦਾਰਾਂ ਦਾ ਇਸ ਸੜਕ ’ਤੇ ਉੱਡ ਰਹੀ ਧੂੜ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਕੰਪਨੀ ਦੇ ਠੇਕੇਦਾਰ ਨੇ ਦੱਸਿਆ ਕਿ ਟੋਕਨ ਦੇ ਬਾਵਜੂਦ ਉਨ੍ਹਾਂ ਨੂੰ ਪੈਸੇ ਦੀ ਅਦਾਇਗੀ ਨਹੀਂ ਹੋ ਰਹੀ। ਲੋਕ ਨਿਰਮਾਣ ਵਿਭਾਗ ਰੂਪਨਗਰ ਦੇ ਐਕਸੀਅਨ ਵਿਸ਼ਾਲ ਗੁਪਤਾ ਨੇ ਸੜਕ ਲਈ ਡੇਢ ਕਰੋੜ ਰੁਪਏ ਆਉਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਹਫ਼ਤੇ ਦੇ ਅੰਦਰ ਪੈਸੇ ਠੇਕੇਦਾਰ ਦੇ ਖਾਤੇ ਵਿੱਚ ਪਾ ਕੇ ਸੜਕ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।