ਪੱਤਰ ਪ੍ਰੇਰਕ
ਚੰਡੀਗੜ੍ਹ, 1 ਅਗਸਤ
ਕੋਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਐਂਡ ਐੱਮ.ਸੀ. ਐਂਪਲਾਈਜ਼ ਐਂਡ ਵਰਕਰਜ਼ ਯੂ.ਟੀ. ਚੰਡੀਗੜ੍ਹ ਦੇ ਵਫ਼ਦ ਨੇ ਗਵਰਨਰ ਹਾਊਸ ਜਾ ਕੇ ਚੰੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਨਾਂ ਇੱਕ ਮੰਗ ਪੱਤਰ ਸੌਂਪਿਆ ਜੋ ਕਿ ਗਵਰਨਰ ਹਾਊਸ ਦੇ ਲਾਇਜ਼ਨ ਅਫ਼ਸਰ ਸਲਵਿੰਦਰ ਸਿੰਘ ਨੇ ਪ੍ਰਾਪਤ ਕੀਤਾ। ਕੋਆਰਡੀਨੇਸ਼ਨ ਕਮੇਟੀ ਦੇ ਵਫ਼ਦ ਵਿੱਚ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਬੀਤੇ ਦਿਨੀਂ ਰਾਜੇਸ਼ ਟਾਂਕ ਨਾਂ ਦੇ ਆਊਟਸੋਰਸਡ ਵਰਕਰ ਨੇ ਠੇਕੇਦਾਰ ਕੰਪਨੀ ਵੱਲੋਂ ਤਨਖਾਹ ਨਾ ਦਿੱਤੇ ਜਾਣ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਸੀ। ਉਨ੍ਹਾਂ ਕਿਹਾ ਕਿ ਠੇਕੇਦਾਰ ਕੰਪਨੀ ਵੱਲੋਂ ਅਕਸਰ ਵਰਕਰਾਂ ਨਾਲ ਅਜਿਹਾ ਕੀਤਾ ਜਾਂਦਾ ਹੈ ਜਿਸ ਕਰਕੇ ਵਰਕਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੇ ਹਨ। ਤਿੰਨ-ਤਿੰਨ ਮਹੀਨੇ ਵਰਕਰਾਂ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ। ਵਫ਼ਦ ਨੇ ਮੰਗ ਪੱਤਰ ਵਿੱਚ ਕਿਹਾ ਕਿ ਖੁਦਕੁਸ਼ੀ ਦੇ ਲਈ ਮਜ਼ਬੂਰ ਕਰਨ ਵਾਲੇ ਕੰਪਨੀ ਅਧਿਕਾਰੀਆਂ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਕੰਪਨੀ ਕੋਲੋਂ ਪਰਿਵਾਰ ਲਈ 20 ਲੱਖ ਦਾ ਮੁਆਵਜ਼ਾ ਵੀ ਮੰਗਿਆ।