ਕਮਿਊਨਿਟੀ ਸੈਂਟਰ ਨੂੰ ਢਾਹ ਕੇ ਬਣੇਗੀ ਮੈਰਿਜ ਪੈਲੇਸਨੁਮਾ ਇਮਾਰਤ

* ਰਾਹ ਹੋਇਆ ਪੱਧਰਾ; * ਤਿੰਨ ਕਰੋੜ ਰੁਪਏ ਆਵੇਗਾ ਖ਼ਰਚਾ; ਕਿਸੇ ਵੇਲੇ ਇਥੇ ਚਲਦੀ ਸੀ ਜ਼ਿਲ੍ਹਾ ਅਦਾਲਤ

ਕਮਿਊਨਿਟੀ ਸੈਂਟਰ ਨੂੰ ਢਾਹ ਕੇ ਬਣੇਗੀ ਮੈਰਿਜ ਪੈਲੇਸਨੁਮਾ ਇਮਾਰਤ

ਸ਼ਹਿਰੀ ਆਬਾਦੀ ਵਿੱਚ ਖੰਡਰ ਬਣ ਚੁੱਕੇ ਕਮਿਊਨਿਟੀ ਸੈਂਟਰ ਦੀ ਇਮਾਰਤ ਦਾ ਬਾਹਰੀ ਦ੍ਰਿਸ਼। -ਫੋਟੋ: ਸੋਢੀ

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 30 ਜੂਨ

ਇੱਥੋਂ ਦੇ ਫੇਜ਼-3ਬੀ1 ਸਥਿਤ ਕਮਿਊਨਿਟੀ ਸੈਂਟਰ ਦੀ ਖਸਤਾ ਹਾਲ ਹੋ ਚੁੱਕੀ ਇਮਾਰਤ ਨੂੰ ਢਾਹ ਕੇ ਨਵੇਂ ਸਿਰਿਓਂ ਉਸਾਰੀ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਸਬੰਧੀ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਨੇ ਕਮਿਊਨਿਟੀ ਸੈਂਟਰ ਨੂੰ ਢਾਹ ਕੇ ਇੱਥੇ ਮੈਰਿਜ ਪੈਲੇਸ ਵਰਗੀ ਆਲੀਸ਼ਾਨ ਇਮਾਰਤ ਬਣਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਤਾਜ਼ਾ ਫੈਸਲੇ ਅਨੁਸਾਰ ਇਸ ਪ੍ਰਾਜੈਕਟ ’ਤੇ ਤਿੰਨ ਕਰੋੜ ਰੁਪਏ ਖ਼ਰਚੇ ਜਾਣਗੇ। ਮੁਹਾਲੀ ਨੂੰ ਜ਼ਿਲ੍ਹੇ ਦਾ ਦਰਜਾ ਮਿਲਣ ਤੋਂ ਬਾਅਦ ਇਸ ਕਮਿਊਨਿਟੀ ਸੈਂਟਰ ਵਿੱਚ ਜ਼ਿਲ੍ਹਾ ਅਦਾਲਤ ਚੱਲ ਰਹੀ ਸੀ।

ਅਕਾਲੀ ਸਰਕਾਰ ਵੇਲੇ ਆਰਟੀਆਈ ਕਾਰਕੁਨ ਤੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕਰਕੇ ਕਮਿਊਨਿਟੀ ਸੈਂਟਰ ਨੂੰ ਅਦਾਲਤ ਦੇ ਕਬਜ਼ੇ ’ਚੋਂ ਮੁਕਤ ਕਰਵਾਇਆ ਸੀ। ਹਾਲਾਂਕਿ ਦਸੰਬਰ 2016 ਵਿੱਚ ਜ਼ਿਲ੍ਹਾ ਅਦਾਲਤ ਨਵੀਂ ਇਮਾਰਤ ਵਿੱਚ ਸ਼ਿਫ਼ਟ ਹੋ ਗਈ ਸੀ ਪ੍ਰੰਤੂ ਅਦਾਲਤਾਂ ਦੇ ਕਬਜ਼ੇ ਵਾਲੀ ਇਮਾਰਤ ਦੀ ਹਾਲਤ ਕਾਫ਼ੀ ਖਸਤਾ ਹੋਣ ਕਾਰਨ ਇਹ ਵਰਤੋਂ ਵਿੱਚ ਨਹੀਂ ਆ ਸਕੀ ਅਤੇ ਦੇਖਦੇ ਹੀ ਦੇਖਦੇ ਕਰੋੜਾਂ ਰੁਪਏ ਦੀ ਇਹ ਇਮਾਰਤ ਖੰਡਰ ਬਣ ਗਈ। ਇਸ ਸਬੰਧੀ ਕੁਲਜੀਤ ਸਿੰਘ ਬੇਦੀ ਅਤੇ ਤਰਨਜੀਤ ਕੌਰ ਗਿੱਲ ਸਮੇਤ ਹੋਰ ਸਾਥੀ ਕੌਂਸਲਰ ਅਕਸਰ ਨਗਰ ਨਿਗਮ ਦੀਆਂ ਮੀਟਿੰਗਾਂ ਵਿੱਚ ਮੁੱਦਾ ਚੁੱਕਦੇ ਰਹੇ ਹਨ।

ਸ੍ਰੀ ਬੇਦੀ ਨੇ ਦੱਸਿਆ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਪਹਿਲਕਦਮੀ ਸਦਕਾ ਹੁਣ ਇਹ ਮਸਲਾ ਹੱਲ ਹੋ ਗਿਆ ਹੈ। ਨਗਰ ਨਿਗਮ ਦੇ ਕਮਿਸ਼ਨਰ ਦੀ ਹਰੀ ਝੰਡੀ ਬਾਅਦ ਹੁਣ ਸਰਕਾਰ ਨੇ ਵੀ ਕਮਿਊਨਿਟੀ ਸੈਂਟਰ ਦੀ ਨਵੀਂ ਇਮਾਰਤ ਬਣਾਉਣ ਲਈ ਤਿੰਨ ਕਰੋੜ ਦੀ ਰਾਸ਼ੀ ਮਨਜ਼ੂਰ ਕਰ ਦਿੱਤੀ ਹੈ। ਜਦੋਂਕਿ ਇਸ ਤੋਂ ਪਹਿਲਾਂ ਨਗਰ ਨਿਗਮ ਵੱਲੋਂ ਕਦੇ ਬਜਟ ਨਹੀਂ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਹੁਣ ਸਿਹਤ ਮੰਤਰੀ ਜਲਦੀ ਹੀ ਮੈਰਿਜ ਪੈਲੇਸ ਨੁਮਾ ਇਮਾਰਤ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰਾਜੈਕਟ ਨੇਪਰੇ ਚੜ੍ਹਨ ਨਾਲ ਲੋਕਾਂ ਨੂੰ ਵੱਡਾ ਲਾਭ ਮਿਲੇਗਾ। ਇੱਥੇ ਗਰੀਬ ਲੋਕ ਅਤੇ ਆਮ ਸ਼ਹਿਰੀ ਆਪਣੇ ਬੱਚਿਆਂ ਦੇ ਵਿਆਹ ਜਾਂ ਹੋਰ ਖੁਸ਼ੀ ਤੇ ਗਮੀ ਦੇ ਸਮਾਗਮ ਕਰਵਾ ਸਕਣਗੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All