ਆਤਿਸ਼ ਗੁਪਤਾ
ਚੰਡੀਗੜ੍ਹ, 27 ਮਾਰਚ
ਚੰਡੀਗੜ੍ਹ ਵਿੱਚ ਲਗਾਤਾਰ ਵਧ ਰਹੇ ਕਰੋਨਾਵਾਇਰਸ ਦੇ ਕੇਸਾਂ ਦੇ ਮੱਦੇਨਜ਼ਰ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਹੋਲੀ ਦੇ ਜਨਤਕ ਸਮਾਗਮਾਂ ’ਤੇ ਰੋਕ ਲਗਾ ਦਿੱਤੀ ਅਤੇ ਸ਼ਹਿਰ ਵਾਸੀਆਂ ਨੂੰ ਘਰ ਵਿੱਚ ਰਹਿ ਹੀ ਹੋਲੀ ਮਨਾਉਣ ਦੀ ਅਪੀਲ ਕੀਤੀ ਹੈ। ਕਰੋਨਾਵਾਇਰਸ ਦੇ ਪਰਛਾਵੇਂ ਨੇ ਰੰਗਾਂ ਦੇ ਤਿਉਹਾਰ ਹੋਲੀ ਦੇ ਉਤਸ਼ਾਹ ਨੂੰ ਮੱਠਾ ਕਰ ਦਿੱਤਾ ਹੈ। ਸ਼ਹਿਰ ਵਿਚਲੀ ਰੰਗਾਂ ਅਤੇ ਪਿਚਕਾਰੀਆਂ ਦੀਆਂ ਦੁਕਾਨਾਂ ’ਤੇ ਸੰਨਾਟਾ ਪਸਰਿਆ ਹੋਇਆ ਸੀ। ਦੂਜੇ ਪਾਸੇ ਸ਼ਹਿਰ ਵਿੱਚ ਸਿੱਖਿਆ ਅਦਾਰੇ ਬੰਦ ਹੋਣ ਕਰਕੇ ਨੌਜਵਾਨਾਂ ਵਿੱਚ ਵੀ ਹੋਲੀ ਦਾ ਉਤਸ਼ਾਹ ਨਹੀਂ ਦੇਖਣ ਨੂੰ ਮਿਲਿਆ।
ਹੋਲੀ ਦੀ ਆਮਦ ’ਤੇ ਵਪਾਰੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਪਿਚਕਾਰੀਆਂ, ਰੰਗ ਅਤੇ ਗੁਬਾਰਿਆਂ ਦੀਆਂ ਦੁਕਾਨਾਂ ਸਜਾ ਲਈਆਂ ਹਨ ਪਰ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਲੋਕ ਡਰੇ ਹੋਏ ਹਨ। ਕਰੋਨਾ ਦੇ ਖੌਫ਼ ਦੇ ਚਲਦਿਆਂ ਇਹ ਦੁਕਾਨਾਂ ਖਾਲੀ ਪਈਆਂ ਹਨ ਜਿੱਥੇ ਇੱਕਾ-ਦੁਕਾ ਲੋਕ ਸਾਮਾਨ ਲੈਂਦੇ ਦਿਖਾਈ ਦੇ ਰਹੇ ਹਨ। ਸ਼ਹਿਰ ਦੇ ਸੈਕਟਰ-20 ਵਿੱਚ ਰੰਗ ਵੇਚਣ ਵਾਲੇ ਵਪਾਰੀ ਨੇ ਦੱਸਿਆ ਕਿ ਕਰੋਨਾਵਾਇਰਸ ਕਰਕੇ ਲੋਕ ਆਮ ਨਾਲੋਂ ਘੱਟ ਗਿਣਤੀ ਵਿੱਚ ਰੰਗ ਪਿਚਕਾਰੀ ਦੀ ਖਰੀਦਦਾਰੀ ਕਰਨ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਹੋਲੀ ਮਾਰਚ ਮਹੀਨੇ ਦੀ ਸ਼ੁਰੂਆਤ ਵਿੱਚ ਹੋਣ ਕਰਕੇ ਕਰੋਨਾਵਾਇਰਸ ਦਾ ਅਸਰ ਨਹੀਂ ਸੀ। ਇਸ ਸਾਲ ਕਰੋਨਾਵਾਇਰਸ ਦੇ ਵਧ ਰਹੇ ਕੇਸਾਂ ਕਰਕੇ ਲੋਕ ਡਰੇ ਹੋਏ ਦਿਖਾਈ ਦੇ ਰਹੇ ਹਨ। ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਉਮੇਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੇ ਵਿੱਦਿਅਕ ਅਦਾਰੇ ਬੰਦ ਹਨ ਜਿਸ ਕਰਕੇ ਨੌਜਵਾਨਾਂ ਵਿੱਚ ਹੋਲੀ ਦਾ ਉਤਸ਼ਾਹ ਘੱਟ ਹੈ। ਉਨ੍ਹਾਂ ਕਿਹਾ ਕਿ ਵਿੱਦਿਅਕ ਅਦਾਰੇ ਖੁੱਲ੍ਹੇ ਹੋਣ ਨਾਲ ਨੌਜਵਾਨ ਆਪਣੇ ਦੋਸਤਾਂ ਨਾਲ ਖੂਬ ਹੋਲੀ ਦਾ ਆਨੰਦ ਲੈਂਦੇ ਹਨ। ਇਸ ਸਾਲ ਕਰੋਨਾ ਕੇਸਾਂ ਨੂੰ ਦੇਖਦਿਆਂ ਸਾਰੇ ਵਿਦਿਆਰਥੀ ਆਪੋ-ਆਪਣੇ ਘਰਾਂ ਵਿੱਚ ਗਏ ਹੋਏ ਹਨ ਜਿਸ ਕਰਕੇ ਨੌਜਵਾਨ ਹੋਲੀ ਘੱਟ ਖੇਡਣਗੇ। ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਜਨਤਕ ਸਮਾਗਮਾਂ ’ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਬਾਅਦ ਸੁਖਨਾ ਝੀਲ, ਸੈਕਟਰ-17 ਪਲਾਜ਼ਾ ਅਤੇ ਸ਼ਹਿਰ ਵਿਚਲੇ ਸਰਕਾਰੀ ਪਾਰਕਾਂ ਵਿੱਚ ਵੀ ਹੋਲੀ ਵਾਲੇ ਦਿਨ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਦਾਖਲੇ ’ਤੇ ਪਾਬੰਦੀ ਲਗਾਈ ਗਈ ਹੈ।