ਆਤਿਸ਼ ਗੁਪਤਾ
ਚੰਡੀਗੜ੍ਹ, 22 ਦਸੰਬਰ
ਉੱਤਰੀ ਭਾਰਤ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਰਕੇ ਚੰਡੀਗੜ੍ਹ ਵਿੱਚ ਠੰਢ ਵਧ ਗਈ ਹੈ। ਇਸ ਨਾਲ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ। ਉੱਧਰ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਪਹਿਲਾਂ ਪੈ ਚੁੱਕੀ ਬਰਫ਼ ਕਰਕੇ ਸੀਤ ਹਵਾਵਾਂ ਨੇ ਕੰਬਣੀ ਛੇੜੀ ਹੋਈ ਹੈ। ਚੰਡੀਗੜ੍ਹ ਲਗਾਤਾਰ ਤੀਜੇ ਦਿਨ ਸ਼ਿਮਲਾ ਨਾਲੋਂ ਵੱਧ ਠੰਢਾ ਰਿਹਾ ਹੈ। ਦੁਪਹਿਰ ਸਮੇਂ ਧੁੱਪ ਨਿਕਲਣ ਕਰਕੇ ਸ਼ਹਿਰ ਦੀ ਸੁਖਨਾ ਝੀਲ, ਰੋਜ਼ ਗਾਰਡਨ ਸਣੇ ਹੋਰਨਾਂ ਘੁੰਮਣ ਵਾਲੀਆਂ ਥਾਵਾਂ ’ਤੇ ਲੋਕਾਂ ਦੀ ਰੌਣਕ ਦਿਖਾਈ ਦਿੱਤੀ ਜਦਕਿ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਠੰਢ ਵਧਣ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 20.9 ਡਿਗਰੀ ਸੈਲਸੀਅਸ ਦਰਜ ਕੀਤਾ ਕੀਤਾ ਗਿਆ ਜੋ ਆਮ ਨਾਲੋਂ 2 ਡਿਗਰੀ ਘੱਟ ਸੀ ਅਤੇ ਘੱਟੋਂ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ 1 ਡਿਗਰੀ ਹੇਠਾਂ ਹੈ। ਦੂਜੇ ਪਾਸੇ ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਬਰਫ਼ ਪੈ ਸਕਦੀ ਹੈ, ਜਿਸ ਕਰਕੇ ਚੰਡੀਗੜ੍ਹ ਵਿੱਚ ਵੀ ਠੰਢ ਵਧ ਸਕਦੀ ਹੈ। ਦਸੰਬਰ ਮਹੀਨੇ ਦੇ ਅੱਧ ਵਿੱਚ ਪਈ ਕੜਾਕੇ ਦੀ ਠੰਢ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ ਜਿਸ ਕਰਕੇ ਸੈਲਾਨੀਆਂ ਦੀ ਗਿਣਤੀ ਵੀ ਘਟ ਗਈ ਹੈ। ਇਸ ਸਾਲ ਠੰਢ ਦੀ ਆਮ ਦਿਨਾਂ ਨਾਲੋਂ ਪਹਿਲਾਂ ਆਮਦ ਨਾਲ ਕੱਪੜਾ ਵਪਾਰੀਆਂ ਦਾ ਕਾਰੋਬਾਰ ਮਘਣ ਲੱਗਿਆ ਹੈ। ਲੋਕ ਖੂਬ ਗਰਮ ਕੱਪੜੇ ਖ਼ਰੀਦ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਰੋਨਾਵਾਇਰਸ ਕਰਕੇ ਕਾਰੋਬਾਰ ਠੱਪ ਹੋ ਗਿਆ ਸੀ ਪਰ ਠੰਢ ਆਮ ਦਿਨਾਂ ਨਾਲੋਂ ਇਕ ਹਫ਼ਤਾ ਪਹਿਲਾਂ ਪੈਣ ਕਰਕੇ ਕੁਝ ਕਾਰੋਬਾਰ ਚੱਲਣ ਲੱਗਾ ਹੈ।