ਪੱਤਰ ਪ੍ਰੇਰਕ
ਕੁਰਾਲੀ, 19 ਜੂਨ
ਨੇੜਲੇ ਪਿੰਡ ਭਾਗੋਮਾਜਰਾ ਦੀ ਰਿਹਾਇਸ਼ੀ ਕਲੋਨੀ ਵਿੱਚ ਲੱਗਿਆ ਬਿਜਲੀ ਦੇ ਮੀਟਰਾਂ ਵਾਲਾ ਖਸਤਾ ਹਾਲ ਬਾਕਸ ਕਿਸੇ ਭਿਆਨਕ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਪਿੰਡ ਵਾਸੀਆਂ ਲਈ ਜਾਨ ਦਾ ਖੌਅ ਬਣੇ ਇਸ ਬਕਸੇ ਤੋਂ ਪਾਵਰਕੌਮ ਪੂਰੀ ਤਰ੍ਹਾਂ ਅਣਜਾਣ ਹੈ। ਪਿੰਡ ਵਾਸੀਆਂ ਨੇ ਬਕਸੇ ਨੂੰ ਠੀਕ ਕਰਨ ਦੀ ਮੰਗ ਕੀਤੀ ਹੈ। ਭਾਗੋਮਾਜਰਾ ਤੋਂ ਚੁਪਕੀ ਨੂੰ ਜਾਣ ਵਾਲੀ ਸੜਕ ਦੇ ਨਾਲ ਲਗਦੀ ਕਲੋਨੀ ਵਿੱਚ ਪਾਵਰਕੌਮ ਦਾ ਖਸਤਾ ਹਾਲਤ ਮੀਟਰਾਂ ਵਾਲਾ ਬਕਸਾ ਦਿਖਾਉਂਦਿਆਂ ਪਿੰਡ ਵਾਸੀਆਂ ਜਸਵਿੰਦਰ ਸਿੰਘ, ਬਾਰਾ ਸਿੰਘ, ਸੁਰਜੀਤ ਸਿੰਘ ਨੇ ਦੱਸਿਆ ਕਿ ਪਾਵਰਕੌਮ ਨੇ ਕਾਫੀ ਅਰਸਾ ਪਹਿਲਾਂ ਘਰਾਂ ਵਿੱਚ ਲਗਾਏ ਬਿਜਲੀ ਦੇ ਮੀਟਰ ਕਲੋਨੀ ਵਿੱਚ ਇੱਕ ਥਾਂ ਇਕੱਠੇ ਕਰਕੇ ਬਾਕਸ ਵਿੱਚ ਲਗਾਏ ਸਨ। ਉਨ੍ਹਾਂ ਕਿਹਾ ਕਿ ਜੰਗਾਲ ਲੱਗਣ ਕਾਰਨ ਲੋਹੇ ਦਾ ਇਹ ਬਕਸਾ ਟੁੱਟ ਚੁੱਕਾ ਹੈ ਜਿਸ ਕਾਰਨ ਹੇਠਲੇ ਪਾਸੇ ਤਾਰਾਂ ਨਿਕਲ ਚੁੱਕੀਆਂ ਹਨ। ਇਸ ਵਿੱਚ ਮੀਂਹ ਦਾ ਪਾਣੀ ਵੀ ਦਾਖਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਕਲੋਨੀ ਵਿੱਚ ਲੱਗਿਆ ਇਹ ਬਕਸਾ ਕਦੇ ਵੀ ਕਿਸੇ ਦੀ ਜਾਨ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਅਨੇਕਾਂ ਵਾਰ ਪਾਵਰਕੌਮ ਦੇ ਅਧਿਕਾਰੀਆਂ ਨੂੰ ਬੇਨਤੀ ਕਰ ਚੁੱਕੇ ਹਨ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਉਨ੍ਹਾਂ ਬਕਸਾ ਬਦਲੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਅਣਸੁਖਾਵੀਂ ਘਟਨਾ ਵਾਪਰਨ ’ਤ ਪਾਵਰਕੌਮ ਜ਼ਿੰਮੇਵਾਰ ਹੋਵੇਗਾ। ਪਾਵਰਕੌਮ ਦੇ ਸੁਖਰਾਮਪੁਰ ਉੱਪ ਮੰਡਲ ਦੇ ਐੱਸਡੀਓ ਬਹਾਦਰ ਸਿੰਘ ਨੇ ਇਸ ਸਬੰਧੀ ਪੂਰੀ ਤਰ੍ਹਾਂ ਅਣਜਾਣ ਹੋਣ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿਸੇ ਨੇ ਵੀ ਹਾਲੇ ਤੱਕ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਲਿਆਂਦਾ। ਉਨ੍ਹਾਂ ਮਾਮਲੇ ਸਬੰਧੀ ਜਾਣਕਾਰੀ ਹਾਸਲ ਕਰਨ ਅਤੇ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ।