ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 2 ਮਈ
ਆਮ ਆਦਮੀ ਪਾਰਟੀ ਵੱਲੋਂ ਪਿਛਲੇ ਮਹੀਨੇ 13 ਅਪਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਜੈਅੰਤੀ ਨੂੰ ਸਮਰਪਿਤ ਚਲਾਏ ਗਏ ਸਵੱਛ ਸਫ਼ਾਈ ਅਭਿਆਨ ਦੀ ਫੂਕ ਨਿਕਲਦੀ ਜਾ ਰਹੀ ਹੈ। ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਸਤਵੀਰ ਸਿੰਘ ਸੱਤੀ ਮੁੱਲਾਂਪੁਰ ਗਰੀਬਦਾਸ ਤੇ ਰਵਿੰਦਰ ਸਿੰਘ ਖੇੜਾ ਤੇ ਕੁਲਜੀਤ ਤੇ ਰਵਨੀਤ ਬੈਂਸ ਕਾਂਸਲ ਨੇ ਕਿਹਾ ਕਿ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਮੁੱਲਾਂਪੁਰ ਗਰੀਬਦਾਸ ਤੇ ਨਵਾਂ ਗਾਉਂ ਇਲਾਕੇ ਵਿੱਚ ਪਾਰਟੀ ਵਰਕਰਾਂ ਨਾਲ ਦੌਰਾ ਕਰਦਿਆਂ ਸਵੱਛ ਮੁਹਿੰਮ ਤਹਿਤ ਸ਼ਹਿਰਾਂ, ਪਿੰਡਾਂ ਵਿੱਚ ਥਾਂ-ਥਾਂ ਪਏ ਕੂੜਾ ਕਰਕਟ ਨੂੰ ਚੁਕਵਾਉਣ ਦੀ ਸ਼ੁਰੂਆਤ ਅਵੀਕੇਸ਼ ਗੁਪਤਾ ਐੱਸਡੀਐੱਮ ਖਰੜ ਦੀ ਹਾਜ਼ਰੀ ਵਿੱਚ ਕਰਵਾਈ ਸੀ। ਅਕਾਲੀ ਆਗੂਆਂ ਸੱਤੀ, ਖੇੜਾ ਤੇ ਬੈਂਸ ਨੇ ਕਿਹਾ ਕਿ ਸਫ਼ਾਈ ਅਭਿਆਨ ਦੀ ਸ਼ੁਰੂਆਤ ਨੂੰ ਕਰੀਬ ਪੰਦਰਾਂ ਦਿਨ ਹੋ ਗਏ ਹਨ, ਪਰ ਵਿੱਦਿਅਕ ਅਦਾਰਿਆਂ, ਧਾਰਮਿਕ ਅਸਥਾਨਾਂ ਆਦਿ ਪਬਲਿਕ ਸਥਾਨਾਂ ਨੇੜੇ ਪਿਆ ਕੂੜਾ ਕਰਕਟ ਹਾਲੇ ਤੱਕ ਕਿਸੇ ਨੇ ਵੀ ਨਹੀਂ ਚੁਕਵਾਇਆ। ਉਨ੍ਹਾਂ ਕਿਹਾ ਕਿ ਰਾਹਗੀਰ ਲੋਕਾਂ ਨੂੰ ਕੂੜੇ ਕਰਕਟ ਤੋਂ ਬਦਬੋ ਆਉਂਦੀ ਹੈ ਅਤੇ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ। ਲੋਕਾਂ ਨੇ ਪੰਜਾਬ ਸਰਕਾਰ, ਹਲਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਪਹਿਲ ਦੇ ਆਧਾਰ ਉਤੇ ਕੂੜੇ ਕਰਕਟ ਦੀ ਸਫ਼ਾਈ ਕਰਵਾਈ ਜਾਵੇ।