ਮੁਕੇਸ਼ ਕੁਮਾਰ
ਚੰਡੀਗੜ੍ਹ, 23 ਜੁਲਾਈ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਆਪਣੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਧੋਬੀਘਾਟਾਂ ਤੋਂ ਮਾਲੀਆ ਪੈਦਾ ਕਰਨ ਲਈ ਬਣਾਈ ਗਈ ਕਮੇਟੀ ਵਲੋਂ ਅੱਜ ਸ਼ਹਿਰ ਦੇ ਵੱਖ ਵੱਖ ਧੋਬੀਘਾਟਾਂ ਦਾ ਦੌਰਾ ਕਰਕੇ ਉਥੋਂ ਦੇ ਮੌਜੂਦਾ ਹਾਲਾਤ ਅਤੇ ਸਹੂਲਤਾਂ ਦਾ ਜਾਇਜ਼ਾ ਲਿਆ। ਕੌਂਸਲਰ ਸ਼ਕਤੀ ਪ੍ਰਸਾਦ ਦੇਵਸ਼ਾਲੀ ਦੀ ਪ੍ਰਧਾਨਗੀ ਵਾਲੀ ਇਸ ਕਮੇਟੀ ਦੇ ਮੈਂਬਰਾਂ ਨੇ ਆਪਣੇ ਅੱਜ ਦੇ ਦੌਰੇ ਦੌਰਾਨ ਇਥੋਂ ਦੇ ਸੈਕਟਰ 7, 15, 19 ਅਤੇ ਸੈਕਟਰ 22 ਦੇ ਧੋਬੀਘਾਟਾਂ ਦੇ ਕੀਤੇ ਦੌਰੇ ਦੌਰਾਨ ਉਥੇ ਉਪਲਬਧ ਬੁਨਿਆਦੀ ਢਾਂਚੇ ਦਾ ਜਾਇਜ਼ਾ ਲਿਆ।
ਇਸ ਦੌਰੇ ਦੌਰਾਨ ਕਮੇਟੀ ਮੈਂਬਰਾਂ ਨੇ ਮੌਕੇ ’ਤੇ ਹਾਜ਼ਰ ਨਿਗਮ ਅਧਿਕਾਰੀਆਂ ਨੂੰ ਇਨ੍ਹਾਂ ਦੀ ਮੁਰੰਮਤ ਅਤੇ ਨਵੀਨੀਕਰਨ ਬਾਰੇ ਰਿਪੋਰਟ ਤਿਆਰ ਕਰਕੇ ਕਮੇਟੀ ਦੀ ਅਗਲੀ ਮੀਟਿੰਗ ਵਿੱਚ ਪੇਸ਼ ਕਰਨ ਲਈ ਕਿਹਾ। ਕਮੇਟੀ ਮੈਂਬਰਾਂ ਨੂੰ ਇਸ ਦੌਰੇ ਦੌਰਾਨ ਜਾਣਕਾਰੀ ਦਿੱਤੀ ਕਿ ਸ਼ਹਿਰ ਵਿੱਚ ਸਾਰੇ ਅੱਠ ਧੋਬੀਘਾਟਾਂ ਵਿੱਚ ਸੈਕਟਰ 15 ਸਥਿਤ ਮਾਡਰਨ ਧੋਬੀਘਾਟ ਨੂੰ ਛੱਡ ਕੇ ਬਾਕੀ ਦੇ ਧੋਬੀਘਾਟਾਂ ਨੂੰ ਸੁਸਾਇਟੀਆਂ ਚਲਾ ਰਹੀਆਂ ਹਨ। ਇਸ ਤੋਂ ਇਲਾਵਾ ਇਹ ਜਾਣਕਾਰੀ ਵਿੱਚ ਦਿੱਤੀ ਗਈ ਕਿ ਸੈਕਟਰ 15 ਸਥਿਤ ਅੱਠ ਧੋਬੀਘਾਟਾਂ ਵਿਚੋਂ ਸਿਰਫ ਸੈਕਟਰ-15 ਦਾ ਮਾਡਰਨ ਧੋਬੀਘਾਟ ਹੀ ਨਗਰ ਨਿਗਮ ਨੂੰ ਮਹੀਨਾਵਾਰ ਕਿਰਾਇਆ ਅਦਾ ਕਰ ਰਿਹਾ ਹੈ ਜਦੋਂਕਿ ਸੁਸਾਇਟੀਆਂ ਵੱਲੋਂ ਚਲਾਏ ਜਾ ਰਹੇ ਧੋਬੀਘਾਟ ਕੇਵਲ ਬਿਜਲੀ ਪਾਣੀ ਦੇ ਬਿੱਲਾਂ ਦਾ ਭੁਗਤਾਨ ਕਰ ਰਹੇ ਹਨ। ਕਮੇਟੀ ਮੈਂਬਰਾਂ ਨੇ ਨਿਗਮ ਦੇ ਸਬੰਧਤ ਇੰਜੀਨੀਅਰਾਂ ਨੂੰ ਨਗਰ ਨਿਗਮ ਦਾ ਮਾਲੀਆ ਪੈਦਾ ਕਰਨ ਲਈ ਈ-ਟੈਂਡਰਿੰਗ ਜਾਂ ਖੁੱਲ੍ਹੀ ਬੋਲੀ ਰਾਹੀਂ ਧੋਬੀਘਾਟ ਨਿਲਾਮ ਕਰਨ ਲਈ ਨੋਟਿਸ ਤਿਆਰ ਕਰਨ ਲਈ ਕਿਹਾ। ਕਮੇਟੀ ਦੇ ਦੌਰੇ ਦੌਰਾਨ ਕਮੇਟੀ ਮੈਂਬਰ ਕੌਂਸਲਰ ਮਹੇਸ਼ਇੰਦਰ ਸਿੰਘ ਸਿੱਧੂ, ਰਵਿੰਦਰ ਕੌਰ ਗੁਜਰਾਲ ਸਮੇਤ ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ (ਬੀਐਂਡਆਰ) ਰਵਿੰਦਰ ਸ਼ਰਮਾ ਤੇ ਧਰਮਿੰਦਰ ਸ਼ਰਮਾ ਵੀ ਹਾਜ਼ਰ ਸਨ।
ਧੋਬੀਘਾਟਾਂ ਦੇ ਸੰਚਾਲਕਾਂ ਵਿੱਚ ਸਹਿਮ ਦਾ ਮਾਹੌਲ
ਧੋਬੀ ਮਹਾਸਭਾ ਚੰਡੀਗੜ੍ਹ ਦੇ ਪ੍ਰਧਾਨ ਅਜੈ ਕਨੋਜੀਆ ਨੇ ਦੱਸਿਆ ਕਿ ਉਹ ਧੋਬੀਘਾਟਾਂ ਦਾ ਕਿਰਾਇਆ ਤੈਅ ਕਰਨ ਲਈ ਨਿਗਮ ਨੂੰ ਕਈ ਵਾਰ ਕਹਿ ਚੁੱਕੇ ਹਨ ਪਰ ਅੱਜ ਤੱਕ ਇਸ ਮਸਲੇ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਧੋਬੀਘਾਟਾਂ ਦੀ ਨਿਲਾਮੀ ਦੀ ਖਬਰ ਕਾਰਨ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸੇ ਦੌਰਾਨ ਨਿਗਮ ਕਮੇਟੀ ਦੇ ਚੇਅਰਮੈਨ ਸ਼ਕਤੀ ਪ੍ਰਕਾਸ਼ ਦੇਵਸ਼ਾਲੀ ਦਾ ਕਹਿਣਾ ਹੈ ਕਿ ਊਹ ਧੋਬੀਘਾਟਾਂ ਦੇ ਸੰਚਾਲਕਾਂ ਦੇ ਪੱਖ ਦਾ ਵੀ ਧਿਆਨ ਰੱਖਣਗੇ।