ਕੁਲਦੀਪ ਸਿੰਘ
ਚੰਡੀਗੜ੍ਹ, 16 ਮਾਰਚ
ਇਥੋਂ ਦੇ ਸੈਕਟਰ 26 ਸਥਿਤ ਪੁਲੀਸ ਸਟੇਸ਼ਨ ਵਿੱਚ ਸਿਟੀਜ਼ਨ ਸਰਵਿਸਿਜ਼ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ। ਇਸ ਸੈਂਟਰ ਦਾ ਉਦਘਾਟਨ ਅੱਜ ਡੀਜੀਪੀ ਪਰਵੀਰ ਰੰਜਨ ਨੇ ਕੀਤਾ। ਇਸ ਮੌਕੇ ਆਈਜੀ ਓਮਵੀਰ ਸਿੰਘ ਬਿਸ਼ਨੋਈ, ਐੱਸਐੱਸਪੀ ਕੁਲਦੀਪ ਸਿੰਘ ਚਹਿਲ, ਐੱਸ.ਐੱਸ.ਪੀ. (ਟਰੈਫ਼ਿਕ) ਮਨੀਸ਼ਾ ਚੌਧਰੀ ਅਤੇ ਐੱਸਪੀ (ਸਿਟੀ) ਕੇਤਨ ਬਾਂਸਲ ਸਮੇਤ ਕਈ ਪੁਲੀਸ ਅਧਿਕਾਰੀ ਮੌਜੂਦ ਸਨ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਿਟੀਜ਼ਨ ਸਰਵਿਸਿਜ਼ ਸੈਂਟਰ ਵਿੱਚ ਈ-ਪਰਚਾ ਦਾਖਲ ਕਰਨ, ਸ਼ਿਕਾਇਤ ਰਜਿਸਟਰੇਸ਼ਨ, ਕਰੈਕਟਰ (ਚਰਿੱਤਰ) ਵੈਰੀਫਿਕੇਸ਼ਨ, ਕਰਮਚਾਰੀ ਵੈਰੀਫਿਕੇਸ਼ਨ, ਕਿਰਾਏਦਾਰ ਵੈਰੀਫਿਕੇਸ਼ਨ, ਨੌਕਰ ਵੈਰੀਫਿਕੇਸ਼ਨ, ਗੁਆਚੇ ਹੋਏ ਸਾਮਾਨ ਦੀ ਰਿਪੋਰਟ, ਪੁਲੀਸ ਕਲੀਅਰੈਂਸ ਸਰਟੀਫਿਕੇਟ, ਸੀਨੀਅਰ ਸਿਟੀਜ਼ਨ ਸਟਿੱਕਰ, ਤਾਲਾਬੰਦ ਘਰ ਰਜਿਸਟਰੇਸ਼ਨ, ਪਾਸਪੋਰਟ ਵੈਰੀਫਿਕੇਸ਼ਨ, ਕਿਸੇ ਵੀ ਸ਼ਿਕਾਇਤ/ਕੇਸ ਦਾ ਸਟੇਟਸ (ਸਥਿਤੀ) ਜਾਣਨ, ਘੋੜ ਸਵਾਰੀ ਸਕੂਲ ਲਈ ਅਰਜ਼ੀ, ਸ਼ੂਟਿੰਗ ਰੇਂਜ ਲਈ ਅਰਜ਼ੀ ਅਤੇ ਵਿਦੇਸ਼ ਨਾਲ ਸਬੰਧਤ ਸੇਵਾਵਾਂ ਜਿਵੇਂ ਕਿ ਐੱਨਓਸੀ ਜਾਰੀ ਕਰਨਾ, ਵਿਦੇਸ਼ੀਆਂ ਦੀ ਰਜਿਸਟਰੇਸ਼ਨ, ਵੀਜ਼ਾ ਐਕਸਟੈਂਸ਼ਨ, ਐਗਜ਼ਿਟ/ਡਿਪਾਰਚਰ ਪਰਮਿਸ਼ਨ, ਰਿਟਰਨ/ਰੀ-ਐਂਟਰੀ ਵੀਜ਼ਾ ਵਰਗੀਆਂ ਸੇਵਾਵਾਂ ਮਿਲਣਗੀਆਂ। ਇਨ੍ਹਾਂ ਸੇਵਾਵਾਂ ਨਾਲ ਲੋਕਾਂ ਵਿੱਚ ਚੰਡੀਗੜ੍ਹ ਪੁਲੀਸ ਦਾ ਅਕਸ ਵੀ ਵਧੀਆ ਬਣੇਗਾ।
ਇਸ ਸਿਟੀਜ਼ਨ ਸੈਂਟਰ ਦਾ ਮਕਸਦ ਨਾਗਰਿਕਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਤੋਂ ਇਲਾਵਾ ਇੱਕ ਸਾਂਝੇ ਪਲੈਟਫਾਰਮ ’ਤੇ ਸਾਰੀਆਂ ਵੈਰੀਫਿਕੇਸ਼ਨਾਂ ਨੂੰ ਕੇਂਦਰੀਕ੍ਰਿਤ ਕਰਨਾ ਹੈ। ਇਸ ਕੇਂਦਰ ਰਾਹੀਂ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਪੁਲੀਸ ਨਾਲ ਸਬੰਧਤ ਕੰਮਕਾਜ ਨਿਪਟਾਉਣ ਵਿੱਚ ਮਦਦ ਮਿਲੇਗੀ। ਨਾਗਰਿਕ ਸੇਵਾ ਕੇਂਦਰ ਵਿੱਚ ਸਾਰੇ ਨਾਗਰਿਕਾਂ ਦੀਆਂ ਅਰਜ਼ੀਆਂ ’ਤੇ ਵਿਚਾਰ ਕੀਤਾ ਜਾਵੇਗਾ ਅਤੇ ਅਰਜ਼ੀ ’ਤੇ ਕਾਰਵਾਈ ਵੀ ਉਸੇ ਦਿਨ ਸ਼ੁਰੂ ਹੋ ਜਾਵੇਗੀ ਜਿਸ ਦਿਨ ਅਰਜ਼ੀ ਦਿੱਤੀ ਜਾਵੇਗੀ। ਨਾਗਰਿਕ ਇਸ ਅਰਜ਼ੀ ਦੀ ਸਥਿਤੀ ਬਾਰੇ ਆਨਲਾਈਨ ਪਤਾ ਲਗਾ ਸਕਣਗੇ।