ਪੀ.ਪੀ. ਵਰਮਾ
ਪੰਚਕੂਲਾ, 14 ਫਰਵਰੀ
ਮੋਰਨੀ ਦੇ ਟਿੱਕਰਤਾਲ ਵਿੱਚ ਵਾਟਰ ਸਪੋਰਟਸ ਦਾ ਅਨੰਦ ਲੈਣ ਆਏ ਪੰਜ ਛੋਟੇ ਬੱਚੇ “ਸੋਫ਼ਾ ਰਾਈਡ” ਲੈਣ ਵੇਲੇ ਡੁੱਬ ਚੱਲੇ ਸਨ ਪਰ ਮੌਕੇ ’ਤੇ ਮੌਜੂਦ ਲੋਕਾਂ ਨੇ ਇਨ੍ਹਾਂ ਬੱਚਿਆਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ ਜਿਸ ਕਾਰਨ ਇਨ੍ਹਾਂ ਦੀ ਜਾਨ ਬਚ ਗਈ। ਰੈਸਕਿਊ ਟੀਮ ਵੀ ਮੌਕੇ ’ਤੇ ਪਹੁੰਚ ਗਈ। ਇਹ ਬੱਚੇ ਆਪਣੇ ਮਾਪਿਆਂ ਨਾਲ ਦਿੱਲੀ ਤੋਂ ਮੋਰਨੀ ਘੁੰਮਣ ਆਏ ਹੋਏ ਸਨ। ਇਹ ਹਾਦਸਾ ਮੋਰਨੀ ਦੇ ਟਿੱਕਰਤਾਲ ਵਿੱਚ ਵਾਪਰਿਆ। ਬੱਚਿਆਂ ਦੇ ਮਾਪਿਆਂ ਧੀਰਜ ਖਰਬੰਦਾ, ਪੁਨੀਤ ਮਹਿਰਾ, ਤਰੁਣ ਓਹਰੀ ਨੇ ਸਥਾਨਕ ਪੁਲੀਸ ਕੋਲ ਇਸ ਹਾਦਸੇ ਬਾਰੇ ਰਿਪੋਰਟ ਦਰਜ ਕਰਵਾਈ। ਵਾਪਟਰ ਸਪੋਰਟਸ ਗਤੀਵਿਧੀਆਂ ਦੇ ਇੰਚਾਰਜ ਗੌਰਵ ਨੇ ਦੱਸਿਆ ਕਿ ਉਨ੍ਹਾਂ ’ਤੇ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਅਨੁਸਾਰ ਸੇਫ਼ਟੀ ਅਤੇ ਸੁਰੱਖਿਆ ਦਾ ਧਿਆਨ ਸਭ ਤੋਂ ਪਹਿਲਾਂ ਰੱਖਿਆ ਜਾਂਦਾ ਹੈ। ਇੰਚਾਰਜ ਗੌਰਵ ਅਨੁਸਾਰ ਸੇਫਟੀ ਤੇ ਸੁਰੱਖਿਆ ਜੈਕਟ ਤੋਂ ਬਿਨਾਂ ਉਹ ਕਿਸੇ ਨੂੰ ਵੀ ਰਾਈਡ ਨਹੀਂ ਕਰਵਾਉਂਦੇ। ਦੂਜੇ ਪਾਸੇ ਮੋਰਨੀ ਚੌਕੀ ਦੇ ਇੰਚਾਰਜ ਮਾਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਸ਼ਿਕਾਇਤ ਦਰਜ ਹੋਈ ਹੈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਤੁਰੰਤ ਹੀ ਚੀਕ-ਚਿਹਾੜਾ ਪੈ ਗਿਆ ਤੇ ਰੈਸਕਿਊ ਟੀਮ ਵੀ ਮੌਕੇ ’ਤੇ ਪਹੁੰਚ ਗਈ।