ਪੱਤਰ ਪ੍ਰੇਰਕ
ਪੰਚਕੂਲਾ, 10 ਜੁਲਾਈ
ਪਿੰਜੌਰ ਗਾਰਡਨ ਦੇ ਅੰਬ ਮੇਲੇ ਵਿੱਚ ਲੱਗੇ ਜੰਪ ਰਾਈਡ ਝੂਲੇ ’ਚ ਹਵਾ ਘੱਟ ਹੋਣ ਕਾਰਨ ਬੱਚੇ ਝੂਲੇ ਦੇ ਸਿਖਰ ਤੋਂ ਹੇਠਾਂ ਡਿੱਗ ਕੇ ਝੂਲੇ ’ਚ ਫਸ ਗਏ। ਇਸ ਦੌਰਾਨ ਜਦੋਂ ਘਟਨਾ ਬਾਰੇ ਮਾਪਿਆਂ ਨੂੰ ਪਤਾ ਲੱਗਾ ਤਾਂ ਉਹ ਸਹਿਮ ਗਏ। ਜਾਣਕਾਰੀ ਮੁਤਾਬਕ ਹੱਦ ਤੋਂ ਵੱਧ ਬੱਚੇ ਚੜ੍ਹਾਉਣ ਕਾਰਨ ਝੂਲੇ ਦਾ ਸੰਤੁਲਨ ਵਿਗੜ ਗਿਆ ਤੇ ਬੱਚੇ ਹੇਠਾਂ ਡਿੱਗ ਗਏ। ਟੈਡੀ ਬੀਅਰ ਵਾਲੇ ਇਸ ਵੱਡੇ ਝੂਲੇ ਵਿੱਚ ਜਦੋਂ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚੇ ਵਿਖਾਈ ਨਹੀਂ ਦਿੱਤੇ ਤਾਂ ਉਨ੍ਹਾਂ ਵਿੱਚ ਭਗਦੜ ਮੱਚ ਗਈ। ਝੂਲੇ ਦੇ ਮੁਲਾਜ਼ਮਾਂ ਅਤੇ ਸਕਿਉਰਟੀ ਗਾਰਡਾਂ ਨੇ ਤੁਰੰਤ ਝੂਲੇ ਵਿੱਚ ਫਸੇ ਬੱਚਿਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਪ੍ਰਬੰਧਕਾਂ ਨੇ ਝੂਲੇ ਵਿੱਚ ਜ਼ਿਆਦਾ ਬੱਚੇ ਚੜ੍ਹਾ ਲਏ ਸਨ ਜਿਸ ਕਾਰਨ ਝੂਲੇ ਦਾ ਸੰਤੁਲਨ ਵਿਗੜਨ ਕਰਕੇ ਇਹ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।