ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਹਰੀਸ਼ ਚੌਧਰੀ ਵੀ ਸਨ ਨਾਲ ਮੌਜੂਦ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 5 ਅਕਤੂਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੁੱਸਿਆਂ ਨੂੰ ਮਨਾਉਣ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਪੰਜਾਬ ਵਜ਼ਾਰਤ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਚੰਨੀ ਅੱਜ ਸਾਬਕਾ ਸਿਹਤ ਮੰਤਰੀ ਦੇ ਘਰ ਪਹੁੰਚ ਗਏ ਅਤੇ ਕਰੀਬ ਦੋ ਘੰਟੇ ਤੱਕ ਗੱਲਬਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਵਿੱਚ ਉਨ੍ਹਾਂ ਨਾਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਹਰੀਸ਼ ਚੌਧਰੀ ਵੀ ਸਨ।
ਮੁੱਖ ਮੰਤਰੀ ਦੀ ਸਿੱਧੂ ਦੇ ਘਰ ਅਚਾਨਕ ਫੇਰੀ ਨੇ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਹੈ। ਇਸ ਤੋਂ ਪਹਿਲਾਂ ਇਹ ਸਮਝਿਆ ਜਾ ਰਿਹਾ ਸੀ ਕਿ ਮੁੱਖ ਮੰਤਰੀ ਅਤੇ ਸਿੱਧੂ ਵਿਚਾਲੇ ਸਭ ਕੁੱਝ ਠੀਕ ਨਹੀਂ। ਸ੍ਰੀ ਚੰਨੀ ਨੇ ਖ਼ੁਦ ਹੀ ਪੁਰਾਣੇ ਗਿਲੇ-ਸ਼ਿਕਵੇ ਖ਼ਤਮ ਕਰਨ ਲਈ ਪਹਿਲਕਦਮੀ ਕੀਤੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਆਪਣੇ ਪੁੱਤਰ ਦੇ ਵਿਆਹ ਸਬੰਧੀ ਬਲਬੀਰ ਸਿੱਧੂ ਨੂੰ ਸੱਦਾ-ਪੱਤਰ ਦੇਣ ਆਏ ਸਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਜੈ ਇੰਦਰ ਸਿੰਗਲਾ ਵੀ ਸਿੱਧੂ ਦੇ ਘਰ ਜਾ ਚੁੱਕੇ ਹਨ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਸ ਤਰ੍ਹਾਂ ਸਪੱਸ਼ਟ ਸੁਨੇਹਾ ਦਿੱਤਾ ਗਿਆ ਕਿ ਸਿੱਧੂ ਨੂੰ ਕਿਸੇ ਵੀ ਕੀਮਤ ’ਤੇ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਹੈ।