ਪੱਤਰ ਪ੍ਰੇਰਕ
ਪੰਚਕੂਲਾ, 28 ਜੂਨ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਪੰਚਕੂਲਾ ਦੇ ਪੀਡਬਲਯੂਡੀ ਗੈਸਟ ਹਾਊਸ ਵਿੱਚ 5540.23 ਲੱਖ ਰੁਪਏ ਦੀਆਂ 11 ਯੋਜਨਾਵਾਂ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਇਸ ਮੌਕੇ ਸਿੰਜਾਈ ਯੋਜਨਾ ਦੇ ਆਧਾਰਿਤ ਲਗਾਈ ਗਈ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਦਾ ਨੀਂਹ ਪੱਥਰ ਰੱਖ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋ ਰਹੀ ਹੈ ਕਿਉਂਕਿ ਇਨ੍ਹਾਂ ਯੋਜਨਾਵਾਂ ਨਾਲ ਪੰਚਕੂਲਾ ਦੀ ਨੁਹਾਰ ਬਦਲੇਗੀ। ਜਿਨ੍ਹਾਂ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ ਗਿਆ, ਉਨ੍ਹਾਂ ਵਿੱਚ ਬਹੁਤੀਆਂ ਯੋਜਨਾਵਾਂ ਮੋਰਨੀ ਬਲਾਕ ਅਤੇ ਪਿੰਜੌਰ ਬਲਾਕ ਲਈ ਵੀ ਸਨ। ਮੁੱਖ ਮੰਤਰੀ ਨੇ “ਮੇਰਾ ਪਾਣੀ ਮੇਰੀ ਵਿਰਾਸਤ” ਯੋਜਨਾ ਤਹਿਤ ਸਿੰਜਾਈ ਵਿਭਾਗ ਦੀਆਂ ਪ੍ਰਾਪਤੀਆਂ ਦੀ ਪ੍ਰਦਰਸ਼ਨੀ ਦਰਸਾਉਣ ਵਾਲੀਆਂ ਪੰਜ ਮੋਬਾਈਲ ਵੈਨਾਂ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਮਹਾਵੀਰ ਕੌਸ਼ਿਕ, ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਅਤੇ ਕਈ ਸਿਆਸੀ ਆਗੂ ਸ਼ਾਮਲ ਸਨ।