ਆਤਿਸ਼ ਗੁਪਤਾ
ਚੰਡੀਗੜ੍ਹ, 2 ਜੂਨ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਵਸਨੀਕਾਂ ਨੂੰ ਹਾਲੇ ਕੁਝ ਹੋਰ ਦਿਨ ਗਰਮੀ ਤੋਂ ਰਾਹਤ ਮਿਲਣ ਦੀ ਆਸ ਨਹੀਂ ਹੈ। ਅਗਲੇ ਕੁਝ ਦਿਨਾਂ ਵਿੱਚ ਤਾਪਮਾਨ ਹੋਰ ਵਧਣ ਕਰਕੇ ਲੋਕਾਂ ਦੀਆਂ ਦਿੱਕਤਾਂ ਵੀ ਵੱਧ ਸਕਦੀਆਂ ਹਨ। ਅੱਜ ਸ਼ਹਿਰ ਵਿੱਚ ਲੂ ਚੱਲਣ ਕਾਰਨ ਲੋਕ ਹਾਲੋਂ-ਬੇਹਾਲ ਹੁੰਦੇ ਰਹੇ। ਜ਼ਿਆਦਾਤਰ ਲੋਕ ਘਰਾਂ ਵਿੱਚ ਹੀ ਸਿਮਟੇ ਰਹੇ ਅਤੇ ਲੋੜ ਅਨੁਸਾਰ ਹੀ ਬਾਹਰ ਨਿਕਲਦੇ ਦਿਖਾਈ ਦਿੱਤੇ। ਸ਼ਹਿਰ ਦੀਆਂ ਸੜਕਾਂ ’ਤੇ ਸੰਨਾਟਾ ਪਸਰਿਆਂ ਰਿਹਾ। ਉੱਧਰ ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ ਜੂਨ ਦੇ ਅਖੀਰ ਵਿੱਚ ਮੌਨਸੂਨ ਪਹੁੰਚਣ ਦੀ ਉਮੀਦ ਹੈ।
ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂਕਿ ਘੱਟ ਤੋਂ ਘੱਟ ਤਾਪਮਾਨ 25.6 ਡਿਗਰੀ ਸੈਲਸੀਅਸ ਰਿਹਾ। ਇਹ ਤਾਪਮਾਨ ਆਮ ਨਾਲੋਂ ਵੱਧ ਸੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਆਉਣ ਵਾਲੇ ਦਿਨਾਂ ਵਿੱਚ ਤਪਸ਼ ਹੋਰ ਵਧੇਗੀ। ਇਸ ਦੇ ਨਾਲ ਹੀ ਲੂ ਚੱਲਣ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧਣਗੀਆਂ। ਮੌਸਮ ਵਿਭਾਗ ਅਨੁਸਾਰ ਹਰ ਸਾਲ 30 ਜੂਨ ਨੂੰ ਸਿਟੀ ਬਿਊਟੀਫੁੱਲ ਵਿੱਚ ਮੌਨਸੂਨ ਦੇ ਪਹੁੰਚਣ ਦੀ ਉਮੀਦ ਹੁੰਦੀ ਹੈ। ਇਸ ਸਾਲ ਵੀ ਸਮੇਂ ਸਿਰ ਮੌਨਸੂਨ ਪਹੁੰਚਣ ਦੀ ਉਮੀਦ ਦਿਖਾਈ ਦੇ ਰਹੀ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦਾ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਵਰ੍ਹੇ ਮੌਸਮ ਨੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਭਾਵੇ ਮਾਰਚ, ਅਪਰੈਲ ਅਤੇ ਮਈ ਮਹੀਨੇ ਵਿੱਚ ਪਹਿਲਾਂ ਦੇ ਮੁਕਾਬਲੇ ਘੱਟ ਮੀਂਹ ਪਿਆ ਹੈ ਪਰ ਜੂਨ ਮਹੀਨੇ ਵਿੱਚ ਮੀਂਹ ਵੱਧ ਪੈਣ ਦੀ ਉਮੀਦ ਜਤਾਈ ਜਾ ਰਹੀ ਹੈ।
ਸਿਟੀ ਬਿਊਟੀਫੁੱਲ ਵਿੱਚ ਲਗਾਤਾਰ ਵੱਧ ਰਹੀ ਗਰਮੀ ਕਰਕੇ ਦਿਨ ਭਰ ਸ਼ਹਿਰ ਦੀਆਂ ਸੜਕਾਂ ਸੁੰਨਸਾਨ ਰਹੀਆਂ। ਸ਼ਾਮ ਅਤੇ ਸਵੇਰ ਸਮੇਂ ਲੋਕ ਪਾਰਕਾਂ ਅਤੇ ਹੋਰਨਾਂ ਥਾਵਾਂ ’ਤੇ ਘੁੰਮਦੇ ਦਿਖਾਈ ਦਿੱਤੇ ਪਰ ਉਹ ਵੀ ਗਰਮੀ ਦੀ ਮਾਰ ਤੋਂ ਬੱਚ ਨਾ ਸਕੇ ਕਿਉਂਕਿ ਤਾਪਮਾਨ ਆਮ ਨਾਲੋਂ ਵੱਧ ਹੈ। ਉੱਧਰ ਗਰਮੀ ਦੇ ਵਧਣ ਨਾਲ ਬਿਜਲੀ ਦੀ ਮੰਗ ਵੀ ਵਧਣੀ ਸ਼ੁਰੂ ਹੋ ਗਈ ਹੈ। ਇਸ ਕਰਕੇ ਸ਼ਹਿਰ ਵਿੱਚ ਇਕ-ਦੋ ਘੰਟੇ ਬਿਜਲੀ ਦੇ ਕੱਟ ਵੀ ਲੱਗ ਰਹੇ ਹਨ। ਇਸ ਤੋਂ ਇਲਾਵਾ ਵੀ ਤਕਨੀਕੀ ਖਰਾਬੀ ਕਰਕੇ ਇਕ-ਦੋ ਵਾਰ ਬਿਜਲੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ।
ਚੰਡੀਗੜ੍ਹ ਵਿੱਚ 3 ਤੇ 14 ਜੂਨ ਨੂੰ ਛੁੱਟੀ ਦਾ ਐਲਾਨ
ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ 3 ਅਤੇ 14 ਜੂਨ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਗ੍ਰਹਿ ਸਕੱਤਰ ਨਿਤਿਨ ਯਾਦਵ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 3 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਕਰਕੇ ਛੁੱਟੀ ਕੀਤੀ ਗਈ ਹੈ। ਇਸੇ ਤਰ੍ਹਾਂ 14 ਜੂਨ ਨੂੰ ਸੰਤ ਕਬੀਰ ਜੈਅੰਤੀ ਕਰਕੇ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਗ੍ਰਹਿ ਸਕੱਤਰ ਨੇ ਕਿਹਾ ਕਿ ਦੋਵੇਂ ਦਿਨ ਸ਼ਹਿਰ ਵਿੱਚਲੇ ਸਰਕਾਰੀ, ਬੋਰਡ, ਕਾਰਪੋਰੇਸ਼ਨ ਅਤੇ ਹੋਰ ਸੰਸਥਾਵਾਂ ਬੰਦ ਰਹਿਣਗੀਆਂ।