ਮੁਕੇਸ਼ ਕੁਮਾਰ
ਚੰਡੀਗੜ੍ਹ, 9 ਅਕਤੂਬਰ
ਇੰਡੀਅਨ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਨਵੀਂ ਦਿੱਲੀ ਦੇ ਸੀਨੀਅਰ ਪੱਧਰ ਦੇ ਅਧਿਕਾਰੀਆਂ ਨੇ ਅੱਜ ਇੱਥੋਂ ਦੇ ਸੈਕਟਰ 17 ਸਥਿਤ ਅਤਿ-ਆਧੁਨਿਕ ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਦਾ ਦੌਰਾ ਕੀਤਾ। ਇਹ ਦੌਰਾ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੀ ਮੁੱਖ ਕਾਰਜਕਾਰੀ ਅਧਿਕਾਰੀ ਅਨੰਦਿਤਾ ਮਿੱਤਰਾ ਦੀ ਅਗਵਾਈ ਹੇਠ ਕੀਤਾ ਗਿਆ। ਇੰਡੀਅਨ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਨਵੀਂ ਦਿੱਲੀ ਹਰ ਸਾਲ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਲਈ 10 ਮਹੀਨੇ ਦਾ ਐਡਵਾਂਸਡ ਪ੍ਰੋਫੈਸ਼ਨਲ ਪ੍ਰੋਗਰਾਮ ਇਨ ਪਬਲਿਕ ਐਡਮਿਨਿਸਟ੍ਰੇਸ਼ਨ ਦਾ ਪ੍ਰਬੰਧ ਕਰਦਾ ਹੈ। ਅੱਜ ਚੰਡੀਗੜ੍ਹ ਦੇ ਆਈਸੀਸੀਸੀ ਦੇ ਦੌਰੇ ਵਿੱਚ ਆਰਮਡ ਫੋਰਸ ਸਮੇਤ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਸੰਯੁਕਤ ਸਕੱਤਰ/ਡਾਇਰੈਕਟਰ ਦੇ ਰੈਂਕ ਦੇ 38 ਅਧਿਕਾਰੀ ਸ਼ਾਮਲ ਸਨ। ਇਸ ਸਾਲ ਲਈ ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਚੰਡੀਗੜ੍ਹ ਨੂੰ ਲੋਕ ਪ੍ਰਸ਼ਾਸਨ ਵਿੱਚ ਐਡਵਾਂਸਡ ਪ੍ਰੋਫੈਸ਼ਨਲ ਪ੍ਰੋਗਰਾਮ ਦੌਰਾਨ ਦੌਰੇ ਲਈ ਚੁਣਿਆ ਗਿਆ ਸੀ। ਅਧਿਕਾਰੀਆਂ ਨੇ ਚੰਡੀਗੜ੍ਹ ਸਮਾਰਟ ਸਿਟੀ ਦੇ ਆਈਸੀਸੀਸੀ ਪ੍ਰਾਜੈਕਟ ਤਹਿਤ ਈ-ਗਵਰਨੈਂਸ, ਡੇਟਾ ਏਕੀਕਰਨ, ਅਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ, ਵੀਡੀਓ ਵਿਸ਼ਲੇਸ਼ਣ, ਚਲਾਨ ਪ੍ਰਣਾਲੀ ਅਤੇ ਹੋਰ ਸੇਵਾਵਾਂ ਦੇ ਪ੍ਰਬੰਧਾਂ ਦੀ ਜਾਣਕਾਰੀ ਹਾਸਲ ਕੀਤੀ। ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੇ ਸੂਚਨਾ ਅਤੇ ਸੰਚਾਰ ਤਕਨਾਲੋਜੀ (ਆਈਸੀਟੀ) ਮਾਹਰਾਂ ਨੇ ਆਈਸੀਸੀਸੀ ਅਤੇ ਪੀਸੀਸੀਸੀ ਵਿੱਚ ਨਾਗਰਿਕ ਕੇਂਦਰਿਤ ਸੇਵਾਵਾਂ ਦੇ ਲਾਈਵ ਕੰਮਕਾਜ ਬਾਰੇ ਪੇਸ਼ਕਾਰੀ ਦਿੱਤੀ। ਇਸ ਮੌਕੇ ਸਮਾਰਟ ਸਿਟੀ ਲਿਮਟਿਡ ਦੇ ਵਧੀਕ ਮੁੱਖ ਕਾਰਜਕਾਰੀ ਅਧਿਕਾਰੀ ਅਨਿਲ ਗਰਗ, ਚੀਫ ਜਨਰਲ ਮੈਨੇਜਰ ਐੱਨਪੀ ਸ਼ਰਮਾ, ਚੀਫ ਜਨਰਲ ਮੈਨੇਜਰ ਨੇ ਆਈਸੀਸੀਸੀ ਚੰਡੀਗੜ੍ਹ ਦੇ ਦੌਰੇ ਲਈ ਪੁਜੀ ਸਮੂਹ ਅਧਿਕਾਰੀਆਂ ਅਧਿਕਾਰੀਆਂ ਦਾ ਸਵਾਗਤ ਕੀਤਾ।