ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 27 ਜੂਨ
ਕੇਂਦਰ ਸਰਕਾਰ ਵੱਲੋਂ ਯੂਟੀ ਦੇ ਪ੍ਰਾਇਮਰੀ ਅਧਿਆਪਕਾਂ ਨੂੰ ਟੈਬਲੈੱਟ ਦਿੱਤੇ ਜਾਣਗੇ। ਇਹ ਟੈਬਲੈੱਟ ਪਹਿਲੀ ਤੋਂ ਪੰਜਵੀਂ ਜਮਾਤ ਦੇ 770 ਅਧਿਆਪਕਾਂ ਨੂੰ ਦਿੱਤੇ ਜਾਣਗੇ ਜਿਸ ਲਈ ਕੇਂਦਰ ਨੇ ਚੰਡੀਗੜ੍ਹ ਲਈ 77 ਲੱਖ ਦੀ ਰਾਸ਼ੀ ਮਨਜ਼ੂਰ ਕਰ ਲਈ ਹੈ। ਇਹ ਟੈਬਲੈਟ ਦਸੰਬਰ ਤੱਕ ਦੇਣ ਦਾ ਟੀਚਾ ਮਿਥਿਆ ਗਿਆ ਹੈ। ਟੈਬਲੈਟ ਦੀ ਕੀਮਤ ਦਸ ਹਜ਼ਾਰ ਰੁਪਏ ਹੋਵੇਗੀ ਜਿਸ ਨਾਲ ਅਧਿਆਪਕ ਵਿਦਿਆਰਥੀਆਂ ਨੂੰ ਬਿਹਤਰ ਢੰਗ ਤੇ ਡਿਜੀਟਲ ਤਰੀਕੇ ਨਾਲ ਸਿੱਖਿਆ ਦੇ ਸਕਣਗੇ।
ਜਾਣਕਾਰੀ ਅਨੁਸਾਰ ਇਸ ਪ੍ਰਾਜੈਕਟ ਲਈ ਕੇਂਦਰ ਦੇ ਪ੍ਰਾਜੈਕਟ ਅਪਰੂਵਲ ਬੋਰਡ ਨੇ ਰਾਸ਼ੀ ਮਨਜ਼ੂਰ ਕਰ ਦਿੱਤੀ ਹੈ। ਸਕੱਤਰੇਤ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਮੇਂ ਦਾ ਹਾਣ ਦਾ ਬਣਾਉਣ ਲਈ ਟੈਬਲੈੱਟ ਦਿੱਤੇ ਜਾਣਗੇ। ਵਿਭਾਗ ਵਲੋਂ ਇਹ ਸਹੂਲਤ ਅਗਲੇ ਸਾਲ ਦੇ ਸ਼ੁਰੂ ਤੋਂ ਲਾਗੂ ਕਰਨ ਦੀ ਯੋਜਨਾ ਹੈ। ਟੈਬਲੈੱਟ ਮਿਲਣ ਨਾਲ ਅਧਿਆਪਕਾਂ ਦਾ ਕੰਮ ਪੇਪਰ ਲੈਸ ਹੋਵੇਗਾ। ਉਨ੍ਹਾਂ ਦੱਸਿਆ ਕਿ ਟੈਬਲੈਟ ’ਤੇ ਸਿਲੇਬਸ ਤੇ ਕਿਤਾਬਾਂ ਦੋਨੋਂ ਹੀ ਉਪਲਬਧ ਹੋਣਗੀਆਂ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਟੈਬਲੈਟ ਦੇਣ ਬਾਰੇ ਟੈਂਡਰ ਕੱਢੇ ਜਾਣਗੇ ਪਰ ਇਸ ਸਬੰਧੀ ਫੈਸਲਾ ਯੂਟੀ ਦੀ ਐਸਸੀਓ ਕਮੇਟੀ ਦੀ ਮੀਟਿੰਗ ਵਿਚ ਕੀਤਾ ਜਾਵੇਗਾ। ਇਹ ਪਤਾ ਲੱਗਾ ਹੈ ਕਿ ਇਹ ਟੈਬਲੈਟ ਸਰਕਾਰੀ ਸਕੂਲ ਕੈਂਬਵਾਲਾ ਦੇ 8, ਖੁੱਡਾ ਅਲੀ ਸ਼ੇਰ ਦੇ 5, ਖੁੱਡਾ ਜੱਸੂ ਦੇ 5, ਖੁੱਡਾ ਲਾਹੌਰਾ ਦੇ 4, ਡੱਡੂ ਮਾਜਰਾ ਦੇ 9, ਪਲਸੌਰਾ ਕਲੋਨੀ ਦੇ 15, ਮਲੋਆ ਕਲੋਨੀ ਦੇ 10, ਬਡਹੇੜੀ ਦੇ 9, ਕਜਹੇੜੀ ਦੇ 14, ਬੁਟਰੇਲਾ ਦੇ 4, ਬੁੜੈਲ ਦੇ 9, ਕਰਸਾਨ ਦੇ ਦੋਵੇਂ ਸਕੂਲਾਂ ਦੇ 22, ਹੱਲੋਮਾਜਰਾ ਦੇ 8, ਬਹਿਲਾਣਾ ਦੇ 6, ਰਾਏਪੁਰ ਖੁਰਦ ਦੇ 11, ਰਾਏਪੁਰ ਕਲਾਂ ਦੇ 4, ਮੱਖਣਮਾਜਰਾ ਦੇ 4, ਰੇਲਵੇ ਕਲੋਨੀ ਦੇ 5, ਮੌਲੀ ਜੱਗਰਾਂ ਦੇ 15 ਤੇ ਸ਼ਹਿਰ ਦੇ ਸਕੂਲਾਂ ਦੇ ਅਧਿਆਪਕਾਂ ਨੂੰ ਦਿੱਤੇ ਜਾਣਗੇ। ਸਭ ਤੋਂ ਜ਼ਿਆਦਾ ਟੈਬਲੈਟ ਸਰਕਾਰੀ ਮਾਡਲ ਹਾਈ ਸਕੂਲ ਧਨਾਸ-1 ਦੇ 20 ਅਧਿਆਪਕਾਂ ਨੂੰ ਦਿੱਤੇ ਜਾਣਗੇ ਜਦਕਿ ਸਰਕਾਰੀ ਮਾਡਲ ਹਾਈ ਸਕੂਲ ਧਨਾਸ-2 ਦੇ 5 ਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਧਨਾਸ ਦੇ 9 ਅਧਿਆਪਕਾਂ ਨੂੰ ਟੈਬ ਦਿੱਤੇ ਜਾਣਗੇ।
ਕ੍ਰਿਏਟਿਵ ਤਰੀਕੇ ਨਾਲ ਕਰਵਾਈ ਜਾਵੇਗੀ ਪੜ੍ਹਾਈ
ਇਨ੍ਹਾਂ ਟੈਬਲੈੱਟ ਜ਼ਰੀਏ ਅਧਿਆਪਕ ਵਿਦਿਆਰਥੀਆਂ ਨੂੰ 21ਵੀਂ ਸਦੀ ਦੇ ਹਾਣ ਦੀ ਸਿੱਖਿਆ ਦੇਣਗੇ। ਵਿਦਿਆਰਥੀਆਂ ਨੂੰ ਪੜ੍ਹਨ ਦੇ ਬਿਹਤਰੀਨ ਕੰਟੈਂਟ ਡਿਜੀਟਲ ਤਰੀਕੇ ਨਾਲ ਮੁਹੱਈਆ ਹੋਣਗੇ ਅਤੇ ਵਿਦਿਆਰਥੀਆਂ ਨੂੰ ਕਰੀਏਟਿਵ ਤਰੀਕੇ ਨਾਲ ਪੜ੍ਹਾਈ ਕਰਵਾਈ ਜਾਵੇਗੀ।
1500 ਅਧਿਆਪਕਾਂ ਲਈ ਟੈਬਲੈੱਟ ਦੀ ਲੋੜ
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਯੂਟੀ ਦੇ 1500 ਅਧਿਆਪਕਾਂ ਲਈ ਟੈਬਲੈਟ ਦੀ ਲੋੜ ਹੈ। ਇਸ ਸਬੰਧੀ ਕੇਂਦਰ ਨੂੰ ਪੱਤਰ ਲਿਖਿਆ ਗਿਆ ਸੀ। ਕੇਂਦਰ ਨੇ ਪਹਿਲੇ ਪੜਾਅ ਹੇਠ ਸਿਰਫ ਜੇਬੀਟੀ ਅਧਿਆਪਕਾਂ ਨੂੰ ਟੈਬਲੈੱਟ ਦੇਣ ਦੀ ਹਾਮੀ ਭਰੀ ਹੈ ਜਦਕਿ ਅਗਲੇ ਪੜਾਅ ਹੇਠ ਇਸ ਪ੍ਰਾਜੈਕਟ ਦੇ ਦਾਇਰੇ ਹੇਠ ਸਾਰੇ ਅਧਿਆਪਕਾਂ ਨੂੰ ਲਿਆਂਦਾ ਜਾਵੇਗਾ।