ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 25 ਸਤੰਬਰ
ਪਿਛਲੇ 12 ਸਾਲਾਂ ਤੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੀ ਸੈਣੀਮਾਜਰਾ ਵਿਚਲੀ ਬਹੁ ਕਰੋੜੀ ਜ਼ਮੀਨ ਵਿਚੋਂ 9 ਕਿੱਲੇ ਨਿਲਾਮੀ ਕੀਤੀ ਜਾ ਰਹੀ ਹੈ ਜਿਸ ਦਾ ਮੁਹਾਲੀ ਦੇ ਐਸਜੀਪੀਸੀ ਮੈਂਬਰ ਅਤੇ ਪੰਥਕ ਆਗੂ ਭਾਈ ਹਰਦੀਪ ਸਿੰਘ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਜ਼ਮੀਨ ਦੀ ਨਿਲਾਮੀ ਬਾਬਤ ਪਬਲਿਕ ਨੋਟਿਸ ਵੀ ਦਿੱਤਾ ਗਿਆ ਹੈ। ਇਸ ਤੋਂ ਬਾਅਦ ਹੀ ਇਹ ਮਾਮਲਾ ਸੰਗਤ ਦੇ ਧਿਆਨ ਵਿੱਚ ਆਇਆ। ਇਸ ਸਬੰਧੀ ਭਾਈ ਹਰਦੀਪ ਸਿੰਘ ਜੋ ਕਿ ਇਸ ਜ਼ਮੀਨ ਨੂੰ ਵੇਚਣ ਖਿਲਾਫ ਪਿਛਲੇ 12 ਸਾਲ ਤੋਂ ਲਗਾਤਾਰ ਵਿਰੋਧ ਕਰਦੇ ਆ ਰਹੇ ਹਨ, ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਇਕ ਵੱਖਰੀ ਹਾਈ ਪਾਵਰ ਕਮੇਟੀ ਬਣਾ ਕੇ ਗਮਾਡਾ ਤੋਂ ਇਸ ਸਬੰਧੀ ਐਲ.ਓ.ਆਈ. ਹਾਸਲ ਕਰ ਲਈ ਹੈ ਜਿਸ ਨੂੰ ਹੁਣ ਨਿਲਾਮ ਕਰਨ ਲਈ 26 ਸਤੰਬਰ ਨੂੰ ਸਵੇਰੇ 11 ਵਜੇ ਬੋਲੀ ਰੱਖੀ ਹੈ। ਉਨ੍ਹਾਂ ਕਿਹਾ ਕਿ ਦਾਨ ਵਿੱਚ ਪ੍ਰਾਪਤ ਹੋਈ ਜ਼ਮੀਨ ਨੂੰ ਵੇਚਣ ਦਾ ਇਹ ਮੰਦਭਾਗਾ ਕਾਰਾ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ। ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸਟੈਂਡ ਹਮੇਸ਼ਾਂ ਇਹੋ ਰਿਹਾ ਹੈ ਕਿ ਗਮਾਡਾ ਵੱਲੋਂ ਜ਼ਮੀਨ ਬਦਲੇ ਜ਼ਮੀਨ ਹੀ ਲਈ ਜਾਵੇ ਅਤੇ ਉਸ ਥਾਂ ਤੇ ਉਸ ਥਾਂ ’ਤੇ ਲੋਕ ਹਿੱਤ ’ਚ ਕੋਈ ਪ੍ਰਾਜੈਕਟ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਆਪਣੇ ਨਿੱਜੀ ਮਨੋਰਥਾਂ ਨੂੰ ਮੁੱਖ ਰੱਖਣ ਵਾਲੇ ਕੁਝ ਅਹੁਦੇਦਾਰ, ਉਨ੍ਹਾਂ ਦੇ ਕਰਿੰਦੇ ਅਤੇ ਕੁਝ ਮੁਲਾਜ਼ਮ ਜ਼ਮੀਨ ਵੇਚਣ ਦੀਆਂ ਅੰਦਰਖਾਤੇ ਲਗਾਤਾਰ ਕੋਸ਼ਿਸ਼ਾਂ ਕਰਦੇ ਆ ਰਹੇ ਹਨ। ਹਰਦੀਪ ਸਿੰਘ ਨੇ ਇਸ ਸਬੰਧੀ ਸ਼ੋ੍ਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਜ਼ਮੀਨ ਦੀ ਨਿਲਾਮੀ ਤੁਰੰਤ ਰੋਕਣ ਲਈ ਉਪਰਾਲਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਸੁਚੇਤ ਰਹਿਣ ਅਤੇ 26 ਸਤੰਬਰ ਨੂੰ ਸਵੇਰੇ 10.30 ਵਜੇ ਪਿੰਡ ਸੈਣੀਮਾਜਰਾ (ਮੁਹਾਲੀ) ਵਿਖੇ ਨਿਲਾਮੀ ਵਾਲੀ ਥਾਂ ਤੇ ਪਹੁੰਚ ਕੇ ਆਪਣਾ ਵਿਰੋਧ ਦਰਜ ਕਰਵਾਉਣ। ਭਾਈ ਹਰਦੀਪ ਸਿੰਘ ਨੇ ਕਿਹਾ ਕਿ ਸੰਗਤ ਨੇ ਸ਼੍ਰੋਮਣੀ ਕਮੇਟੀ ਮੈਂਬਰ ਵਜੋਂ ਨੁਮਾਇੰਦਗੀ ਦੀ ਜੋ ਸੇਵਾ ਉਨ੍ਹਾਂ ਨੂੰ ਬਖਸ਼ੀ ਹੈ ਉਹ ਉਸ ਨੂੰ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ।