ਚੰਡੀਗੜ੍ਹ: ਪੀ.ਜੀ.ਆਈ. ਵਿਖੇ ਮਹਾਂਲੇਖਾਕਾਰ ਦਫ਼ਤਰ ਰਾਹੀਂ ਕੰਟਰੈਕਟ ਅਧਾਰ ’ਤੇ ਕੰਸਲਟੈਂਟਸ (ਸਲਾਹਕਾਰਾਂ) ਵਜੋਂ ਤਾਇਨਾਤ ਕੰਪਟਰੋਲਰ ਆਡੀਟਰ ਜਨਰਲ (ਕੈਗ) ਦੇ ਸਾਬਕਾ ਅਧਿਕਾਰੀਆਂ ਦੇ ਸੇਵਾਕਾਲ ਦੀ ਮਿਆਦ ਪੁੱਗਣ ਦੇ ਬਾਵਜੂਦ ਵੀ ਤਾਇਨਾਤੀ ਦਾ ਮਾਮਲਾ ਗਰਮਾ ਗਿਆ ਹੈ। ਪੀ.ਜੀ.ਆਈ. ਇੰਪਲਾਈਜ਼ ਯੂਨੀਅਨ (ਨਾਨ-ਫੈਕਲਟੀ) ਦੇ ਪ੍ਰਧਾਨ ਅਸ਼ਵਨੀ ਮੁੰਜਾਲ ਨੇ ਸੰਸਥਾਨ ਦੇ ਪ੍ਰਬੰਧਨ ਨੂੰ ਅਪੀਲ ਕੀਤੀ ਹੈ ਕਿ ਸੇਵਾਕਾਲ ਦੀ ਮਿਆਦ ਤੋਂ ਵੀ ਕਾਫ਼ੀ ਜ਼ਿਆਦਾ ਸਮਾਂ ਪੁਗਾ ਚੁੱਕੇ ਇਨ੍ਹਾਂ ਬਜ਼ੁਰਗ ਸਲਾਹਕਾਰਾਂ ਨੂੰ ਤੁਰੰਤ ਹਟਾਇਆ ਜਾਵੇ। ਯੂਨੀਅਨ ਪ੍ਰਧਾਨ ਨੇ ਇਨ੍ਹਾਂ ਸਲਾਹਕਾਰਾਂ ਦੀ ਵਜ੍ਹਾ ਨਾਲ ਪੀ.ਜੀ.ਆਈ. ਵਿਖੇ ਹੋਰਨਾਂ ਅਫ਼ਸਰਾਂ ਦੀ ਮਿਲੀਭੁਗਤ ਨਾਲ ਵੱਡੇ ਪੱਧਰ ’ਤੇ ਕਥਿਤ ਭ੍ਰਿਸ਼ਟਾਚਾਰ ਫੈਲਣ ਦੇ ਵੀ ਦੋਸ਼ ਲਗਾਏ ਹਨ। ਫ਼ਰਵਰੀ 2006 ਤੋਂ ਇਹ 20 ਦੇ ਕਰੀਬ ਸਲਾਹਕਾਰ ਰੱਖੇ ਗਏ ਸਨ। ਇਨ੍ਹਾਂ ਦਾ ਸੇਵਾਕਾਲ 11 ਮਹੀਨੇ ਦਾ ਸੀ ਜੋ ਕਿ ਤਿੰਨ-ਤਿੰਨ ਵਾਰ ਵਧਾਇਆ ਜਾ ਚੁੱਕਾ ਹੈ। -ਪੱਤਰ ਪ੍ਰੇਰਕ