ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 2 ਸਤੰਬਰ
ਗਮਾਡਾ ਵੱਲੋਂ ਹਾਈ ਕੋਰਟ ਦੇ ਹੁਕਮਾਂ ’ਤੇ ਪਿੰਡ ਝਾਮਪੁਰ ਵਿੱਚ ਅਣ-ਅਧਿਕਾਰਤ ਉਸਾਰੀਆਂ ਢਾਹੁਣ ਦੌਰਾਨ ਉੱਥੇ ਨੇੜੇ ਹੀ ਉਸਾਰੀ ਅਧੀਨ ਇੱਕ ਮਸਜਿਦ ਦੀ ਕੰਧ ਟੁੱਟਣ ਦਾ ਮਾਮਲਾ ਭਖ ਗਿਆ ਹੈ। ਇਸ ਸਬੰਧੀ ਝਾਮਪੁਰ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਗਮਾਡਾ ਵਿਰੁੱਧ ਮੁਜ਼ਾਹਰਾ ਕੀਤਾ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਆਗੂ ਮੁਹੰਮਦ ਸਲੀਮ ਨੇ ਕਿਹਾ ਕਿ ਮਸਜਿਦ ਦੀਆਂ ਕੰਧਾਂ ਢਾਹ ਕੇ ਗਮਾਡਾ ਨੇ ਮੁਸਲਿਮ ਭਾਈਚਾਰੇ ਨਾਲ ਜ਼ਿਆਦਤੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਗਮਾਡਾ ਨੇ ਬਿਨਾਂ ਨੋਟਿਸ ਦਿੱਤੇ ਮਸਜਿਦ ਦੀਆਂ ਕੰਧਾਂ ਤੋੜ ਦਿੱਤੀਆਂ ਹਨ। ਉਨ੍ਹਾਂ ਗਮਾਡਾ ਅਮਲੇ ਵਿਰੁੱਧ ਸਖ਼ਤ ਐਕਸ਼ਨ ਲੈਣ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਜ਼ਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਮੁਸਲਿਮ ਭਾਈਚਾਰੇ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ।
ਅਧਿਕਾਰੀ ਨੇ ਦੋਸ਼ ਨਕਾਰੇ
ਗਮਾਡਾ ਦੇ ਅਸਿਸਟੈਂਟ ਟਾਊਨ ਪਲਾਨਰ (ਏਟੀਪੀ) ਹਰਚੰਦ ਸਿੰਘ ਨੇ ਮੁਸਲਿਮ ਭਾਈਚਾਰੇ ਵੱਲੋਂ ਬਦਸਲੂਕੀ ਕਰਨ ਦੇ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਹਾਈ ਕੋਰਟ ਦੇ ਹੁਕਮਾਂ ਅਤੇ ਨਿਯਮਾਂ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਕਲੋਨੀ ਵਿੱਚ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਨਵੀਆਂ ਉਸਾਰੀਆਂ ਕੀਤੀਆਂ ਜਾ ਰਹੀਆਂ ਸਨ, ਜੋ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਉੱਥੇ ਬਣੀ ਦੋ ਫੁੱਟ ਦੀ ਕੰਧ ਨੂੰ ਮਸਜਿਦ ਦੀ ਦੀਵਾਰ ਦੱਸ ਕੇ ਮਾਮਲੇ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿਲਡਰ ਵੱਲੋਂ ਉਨ੍ਹਾਂ ਨੂੰ ਵੱਖ-ਵੱਖ ਵਿਅਕਤੀਆਂ ਰਾਹੀਂ ਕਥਿਤ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਗਮਾਡਾ ਵੱਲੋਂ ਕਾਰਵਾਈ ਤੋਂ ਪਹਿਲਾਂ ਕਲੋਨੀ ਦੇ ਮਾਲਕ ਨੂੰ ਨੋਟਿਸ ਵੀ ਦਿੱਤੇ ਗਏ ਸਨ।