ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 3 ਸਤੰਬਰ
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਹਾਈ ਕੋਰਟ ਦੇ ਹੁਕਮਾਂ ’ਤੇ ਪਿੰਡ ਝਾਮਪੁਰ ਵਿੱਚ ਅਣਅਧਿਕਾਰਤ ਉਸਾਰੀਆਂ ਢਾਹੇ ਜਾਣ ਦੌਰਾਨ ਉੱਥੇ ਨੇੜੇ ਹੀ ਉਸਾਰੀ ਅਧੀਨ ਮਸਜਿਦ ਦੀ ਕੰਧ ਨੂੰ ਨੁਕਸਾਨ ਪਹੁੰਚਣ ਦਾ ਮਾਮਲਾ ਕਾਫ਼ੀ ਭੱਖ ਗਿਆ ਹੈ। ਅੱਜ ਮੁਹਾਲੀ ਦੇ ਐੱਸਪੀ ਨਵਰੀਤ ਸਿੰਘ ਵਿਰਕ, ਬਲੌਂਗੀ ਥਾਣੇ ਦੇ ਐੱਸਐੱਚਓ ਪੀ.ਐਸ. ਗਰੇਵਾਲ ਅਤੇ ਸ਼ਾਹੀ ਇਮਾਮ ਨੇ ਮੌਕੇ ’ਤੇ ਪਹੁੰਚ ਕੇ ਮੌਜੂਦਾ ਹਾਲਾਤ ਦਾ ਜਾਇਜ਼ਾ ਲਿਆ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਹਾਲਾਂਕਿ, ਕੁੱਝ ਲੋਕ ਗਮਾਡਾ ਦੀ ਉਕਤ ਕਾਰਵਾਈ ਦਾ ਸਖ਼ਤ ਵਿਰੋਧ ਕਰ ਰਹੇ ਹਨ ਪ੍ਰੰਤੂ ਗਮਾਡਾ ਅਧਿਕਾਰੀਆਂ ਦਾ ਕਹਿਣਾ ਹੈ ਇਹ ਸਾਰੀ ਕਾਰਵਾਈ ਹਾਈ ਕੋਰਟ ਦੇ ਨਿਰਦੇਸ਼ਾਂ ਤਹਿਤ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮੁਹਾਲੀ ਨੇੜਲੇ ਪਿੰਡਾਂ ਵਿੱਚ ਕੁੱਝ ਛੋਟੇ ਬਿਲਡਰਾਂ ਵੱਲੋਂ ਸਰਕਾਰੀ ਨੇਮਾਂ ਨੂੰ ਛਿੱਕੇ ਟੰਗ ਕੇ ਖੇਤਾਂ ਵਿੱਚ ਕਾਲੋਨੀਆਂ, ਰਿਹਾਇਸ਼ੀ ਪਲਾਟ ਤੇ ਦੁਕਾਨਾਂ ਕੱਟ ਕੇ ਵੇਚੇ ਜਾ ਰਹੇ ਹਨ। ਹਾਲਾਂਕਿ, ਮੌਜੂਦਾ ਸਮੇਂ ਵਿੱਚ ਨਵੀਆਂ ਰਜਿਸਟਰੀਆਂ ਤੇ ਉਸਾਰੀਆਂ ’ਤੇ ਰੋਕ ਲੱਗੀ ਹੋਈ ਹੈ ਪਰ ਇਸ ਦੇ ਬਾਵਜੂਦ ਕੁੱਝ ਲੋਕ ਉਸਾਰੀਆਂ ਕਰਨ ਵਿੱਚ ਲੱਗੇ ਹੋਏ ਹਨ।
ਪਿੰਡ ਝਾਮਪੁਰ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਸ਼ਿਕਾਇਤ ’ਤੇ ਪਹੁੰਚੇ ਸ਼ਾਹੀ ਇਮਾਮ ਨੇ ਕਿਹਾ ਕਿ ਹਾਲ ਹੀ ਵਿੱਚ ਇੱਥੇ ਮਸਜਿਦ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ ਗਿਆ ਸੀ ਪ੍ਰੰਤੂ ਗਮਾਡਾ ਦੀ ਟੀਮ ਨੇ ਅਣਅਧਿਕਾਰਤ ਉਸਾਰੀਆਂ ਢਾਹੇ ਜਾਣ ਸਮੇਂ ਮਸਜਿਦ ਦੀ ਕੰਧ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮਾਮਲੇ ’ਚ ਨਿੱਜੀ ਤੌਰ ’ਤੇ ਦਖ਼ਲ ਦੇਣ ਦੀ ਅਪੀਲ ਕਰਦਿਆਂ ਗਮਾਡਾ ਦੇ ਸਬੰਧਤ ਅਫ਼ਸਰਾਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਉਂਜ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਕਤ ਉਸਾਰੀ ਅਣਅਧਿਕਾਰਤ ਹੈ ਤਾਂ ਇਸ ਸਬੰਧੀ ਗਮਾਡਾ ਨੂੰ ਨੋਟਿਸ ਦਿੱਤਾ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਸਲਿਮ ਭਾਈਚਾਰੇ ਵੱਲੋਂ ਐਕਸ਼ਨ ਉਲੀਕਿਆ ਜਾਵੇਗਾ।
ਉੱਧਰ, ਇਸ ਸਬੰਧੀ ਐੱਸਪੀ ਨਵਰੀਤ ਸਿੰਘ ਵਿਰਕ ਨੇ ਕਿਹਾ ਕਿ ਅੱਜ ਪੁਲੀਸ ਅਤੇ ਸ਼ਾਹੀ ਇਮਾਮ ਨੇ ਝਾਮਪੁਰ ਵਿੱਚ ਮੌਜੂਦਾ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਝਾਮਪੁਰ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਉੱਚ ਅਦਾਲਤ ਦੇ ਹੁਕਮਾਂ ’ਤੇ ਅਣਅਧਿਕਾਰਤ ਉਸਾਰੀਆਂ ਢਾਹੀਆਂ ਗਈਆਂ ਹਨ ਅਤੇ ਇਸ ਖੇਤਰ ਵਿੱਚ ਨਵੀਆਂ ਰਜਿਸਟਰੀਆਂ ਤੇ ਉਸਾਰੀਆਂ ’ਤੇ ਪੂਰਨ ਰੋਕ ਲੱਗੀ ਹੋਈ ਹੈ।