ਜਗਮੋਹਨ ਸਿੰਘ
ਘਨੌਲੀ, 2 ਅਪਰੈਲ
ਇੱਥੇ ਘਨੌਲੀ ਬੈਰੀਅਰ ਨੇੜੇ ਹਾਈਵੇਅ ਪੈਟਰੋਲਿੰਗ ਪਾਰਟੀ ਨੰਬਰ 12 ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਦਾ ਵੱਡੇ ਹਾਦਸੇ ਤੋਂ ਵਾਲ-ਵਾਲ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਲਗਭਗ ਪੌਣੇ ਛੇ ਵਜੇ ਭਰਤਗੜ੍ਹ ਵਾਲੀ ਸਾਈਡ ਤੋਂ ਰੂਪਨਗਰ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ ਬਲੈਨੋ ਕਾਰ ਹਾਈਵੇਅ ’ਤੇ ਬਣੇ ਡਿਵਾਇਡਰ ਨਾਲ ਟਕਰਾਉਣ ਉਪਰੰਤ ਪਲਟ ਗਈ। ਇਸ ਹਾਦਸੇ ਦੌਰਾਨ ਭਾਵੇਂ ਕਾਰ ਚਾਲਕ ਜਸਨੀਤ ਸਿੰਘ ਵਾਸੀ ਰਾਜੌਰੀ ਗਾਰਡਨ ਦਿੱਲੀ ਤੇ ਉਸ ਨਾਲ ਕਾਰ ਵਿੱਚ ਸਵਾਰ ਇੱਕ ਪੁਰਸ਼ ਅਤੇ ਇੱਕ ਔਰਤ ਦਾ ਵਾਲ-ਵਾਲ ਬਚਾਅ ਹੋ ਗਿਆ, ਪਰ ਹਾਦਸਾ ਇੰਨਾ ਭਿਆਨਕ ਸੀ ਕਿ ਹਾਦਸਾਗ੍ਰਸਤ ਕਾਰ ਪਹਿਲਾਂ ਡਿਵਾਈਡਰ ਨਾਲ ਵੱਜੀ ਤੇ ਫਿਰ ਪੋਲ ਨੂੰ ਤੋੜ ਕੇ ਹਾਈਵੇਅ ਪੈਟਰੋਲਿੰਗ ਪਾਰਟੀ ਦੀ ਗੱਡੀ ਨੇੜੇ ਖੜ੍ਹੇ ਐਕਟਿਵਾ ’ਤੇ ਚੜ੍ਹੀ, ਜਿਸ ਉਪਰੰਤ ਪੁਲੀਸ ਮੁਲਾਜ਼ਮ ਦੀ ਪ੍ਰਾਈਵੇਟ ਕਾਰ ਨਾਲ ਟਕਰਾ ਕੇ ਪੁੱਠੀ ਹੋ ਗਈ। ਇਸ ਦੌਰਾਨ ਬਲੈਨੋ ਕਾਰ, ਐਕਟਿਵਾ ਤੇ ਪੁਲੀਸ ਮੁਲਾਜ਼ਮ ਦੀ ਪ੍ਰਾਈਵੇਟ ਗੱਡੀ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਹਾਈਵੇਅ ਪੈਟਰੋਲਿੰਗ ਪਾਰਟੀ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਪੈਟਰੋਲਿੰਗ ਪਾਰਟੀ ਦਾ ਡਰਾਈਵਰ ਗੱਡੀ ਵਿੱਚ ਬੈਠਾ ਸੀ ਅਤੇ ਦੋ ਮੁਲਾਜ਼ਮ ਗੱਡੀ ਦੇ ਦੂਜੇ ਪਾਸੇ ਖੜ੍ਹੇ ਸਨ। ਉਨ੍ਹਾਂ ਦੱਸਿਆ ਕਿ ਜੇ ਗੱਡੀ ਡਿਵਾਈਡਰ ਨਾਲ ਟਕਰਾਉਣ ਦੀ ਬਜਾਇ ਸਿੱਧੀ ਉਨ੍ਹਾਂ ਵੱਲ ਆ ਜਾਂਦੀ ਤਾਂ ਤਿੰਨੋਂ ਮੁਲਾਜ਼ਮਾਂ ਦਾ ਜਾਨੀ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਲੰਮੇ ਸਫ਼ਰ ਦੌਰਾਨ ਡਰਾਈਵਰ ਨੂੰ ਨੀਂਦ ਆ ਜਾਣ ਕਾਰਨ ਵਾਪਰਿਆਹੋ ਸਕਦਾ ਹੈ।