ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਅਕਤੂਬਰ
ਚੰਡੀਗੜ੍ਹ ਦੇ ਸੈਕਟਰ 27-28 ਦੀਆਂ ਲਾਈਟਾਂ ’ਤੇ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੀ ਗੱਡੀ ਨੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ ਹੈ। ਇਸ ਦੌਰਾਨ ਗੱਡੀ ਚਾਲਕ ਅਤੇ ਮੋਟਰਸਾਈਕਲ ਸਵਾਰ ਔਰਤ ਸਣੇ ਦੋ ਜਣੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸੈਕਟਰ- 32 ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲੀਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਦੀ ਸੁਰੱਖਿਆ ਵਾਲੀ ਗੱਡੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਲੱਗੀ ਹੋਈ ਹੈ। ਅੱਜ ਰਾਤ ਨੂੰ ਕੈਬਨਿਟ ਮੰਤਰੀ ਦੇ ਕਾਫਲੇ ਦੇ ਪਿੱਛੇ ਗੱਡੀ ਜਾ ਰਹੀ ਸੀ, ਜਿਵੇਂ ਹੀ ਕਾਰ ਸੈਕਟਰ-27/28 ਦੀਆਂ ਲਾਈਟਾਂ ’ਤੇ ਪਹੁੰਚੀ ਤਾਂ ਮੋਟਰਸਾਈਕਲ ਵਿੱਚ ਟੱਕਰ ਮਾਰ ਕੇ ਫੁੱਟਪਾਥ ’ਤੇ ਚੜ੍ਹ ਗਈ।