ਆਤਿਸ਼ ਗੁਪਤਾ
ਚੰਡੀਗੜ੍ਹ, 6 ਮਾਰਚ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸ਼ਰਾਬ ਮਹਿੰਗੀ ਹੋਣ ਜਾ ਰਹੀ ਹੈ। ਯੂਟੀ ਪ੍ਰਸ਼ਾਸਨ ਨੇ ਸਾਲ 2022-23 ਦੀ ਨਵੀਂ ਨੀਤੀ ਵਿੱਚ ਆਬਕਾਰੀ ਕਰ ਵਿਚ 5.5 ਫ਼ੀਸਦ ਦਾ ਵਾਧਾ ਕੀਤਾ ਹੈ। ਉੱਥੇ ਹੀ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਪ੍ਰਦੁਸ਼ਣ ਮੁਕਤ ਕਰਨ ਦਾ ਟੀਚਾ ਰੱਖ ਕੇ ਬਣਾਈ ਈ-ਵਾਹਨ ਪਾਲਿਸੀ ਦਾ ਬੋਝ ਵੀ ਸ਼ਰਾਬੀ ਦੇ ਸ਼ੌਕੀਨਾਂ ਦੀ ਜੇਬ ’ਤੇ ਪਾਇਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਸ਼ਰਾਬ ਦੀ ਬੋਤਲ ’ਤੇ ਈ-ਵਾਹਨ ਸੈੱਸ ਲਗਾ ਦਿੱਤਾ ਹੈ, ਜਿਸ ਲਈ ਹਰ ਕਿਸੇ ਨੂੰ ਸ਼ਰਾਬ ਦੀ ਬੋਤਲ ’ਤੇ 2 ਰੁਪਏ ਤੋਂ 40 ਰੁਪਏ ਤੱਕ ਸੈੱਸ ਦੇਣਾ ਹੋਵੇਗਾ। ਈ-ਵਾਹਨ ਸੈੱਸ ਦੇ ਰੂਪ ਵਿੱਚ ਵਸੂਲੇ ਜਾਣ ਵਾਲੇ ਰੁਪਇਆਂ ਨਾਲ ਯੂਟੀ ਪ੍ਰਸ਼ਾਸਨ ਸ਼ਹਿਰ ’ਚ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਵਧਾਉਣ ’ਤੇ ਜ਼ੋਰ ਦੇਵੇਗਾ। ਸ਼ਹਿਰ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਸ਼ਾਸਨ ਨੇ ਇਲੈਕਟ੍ਰਿਕ ਵਾਹਨਾਂ ’ਤੇ ਰੋਡ ਟੈਕਸ ਅਤੇ ਰਜਿਸਟਰੇਸ਼ਨ ਫੀਸ ਵੀ ਮੁਆਫ਼ ਕਰ ਦਿੱਤੀ ਹੈ ਜਦੋਂ ਕਿ ਸ਼ਰਾਬ ਦੀ ਬੋਤਲ ’ਤੇ 2 ਰੁਪਏ ਤੋਂ ਲੈ ਕੇ 40 ਰੁਪਏ ਪ੍ਰਤੀ ਬੋਤਲ ਤੱਕ ਵਸੂਲੇ ਜਾਣ ਵਾਲੇ ਸੈੱਸ ਨਾਲ ਵਾਹਨਾਂ ’ਤੇ ਸਬਸਿਡੀ ਅਤੇ ਵੱਖ-ਵੱਖ ਥਾਵਾਂ ’ਤੇ ਵਾਹਨ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਅਤੇ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਈ-ਵਾਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਪਰ ਸ਼ਹਿਰ ਵਿੱਚ ਵਾਹਨ ਨੂੰ ਚਾਰਜ ਕਰਨ ਲਈ ਚਾਰਜਿੰਗ ਸਟੇਸ਼ਨਾਂ ਦੀ ਗਿਣਤੀ ਘੱਟ ਹੋਣ ਕਰ ਕੇ ਲੋਕ ਈ-ਵਾਹਨਾਂ ਨੂੰ ਘੱਟ ਹੀ ਖਰੀਦ ਰਹੇ ਹਨ। ਦੂਜੇ ਪਾਸੇ ਯੂਟੀ ਪ੍ਰਸ਼ਾਸਨ ਸ਼ਹਿਰ ਵਿੱਚ ਈ-ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਪੱਬਾਂ ਭਾਰ ਹੋਇਆ ਪਿਆ ਹੈ।
ਚੰਡੀਗੜ੍ਹ ਵਿੱਚ ਬਾਰ ਬੰਦ ਕਰਨ ਦਾ ਸਮਾਂ ਰਾਤ 1 ਵਜੇ ਤੱਕ ਹੈ। ਹੁਣ ਯੂਟੀ ਪ੍ਰਸ਼ਾਸਨ ਨੇ ਸਾਲ 2022-23 ਦੀ ਨਵੀਂ ਆਬਕਾਰੀ ਨੀਤੀ ਤਹਿਤ ਸ਼ਹਿਰ ਵਿੱਚ ਵੱਖਰੇ ਤੌਰ ’ਤੇ ਲਾਇਸੈਂਸਾਂ ਰਾਹੀਂ ਬਾਰ ਨੂੰ ਰਾਤ 3 ਵਜੇ ਤੱਕ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਤਿੰਨ ਤੇ ਚਾਰ ਤਾਰਾ ਹੋਟਲਾਂ ਵਿੱਚ 24 ਘੰਟੇ ਸ਼ਰਾਬ ਸਪਲਾਈ ਕਰਨ ਲਈ ਵੱਖਰੇ ਤੌਰ ’ਤੇ ਲਾਇਸੈਂਸ ਦੇਣ ਦਾ ਫ਼ੈਸਲਾ ਲਿਆ ਹੈ। ਪ੍ਰਸ਼ਾਸਨ ਨੇ ਸ਼ਰਾਬ ਦੀਆਂ ਕੀਮਤਾਂ ਵਿੱਚ 10 ਫ਼ੀਸਦ ਦੇ ਕਰੀਬ ਵਾਧਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਤੋਂ ਇਲਾਵਾ ਸ਼ਰਾਬ ਦੇ ਠੇਕਿਆਂ ਲਈ ਨਿਯਮਾਂ ਨੂੰ ਸਖਤ ਕਰ ਦਿੱਤਾ ਗਿਆ ਹੈ। ਸ਼ਰਾਬ ਦੀਆਂ ਦੁਕਾਨਾਂ ’ਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਮਾਂ ਮਿਆਦ ਪੁਗਾ ਚੁੱਕੀ ਸ਼ਰਾਬ ਵੇਚਣ ਵਾਲਿਆਂ ਨੂੰ 50 ਹਜ਼ਾਰ ਰੁਪਏ ਜੁਰਮਾਨਾ ਲਗਾਉਣ ਦੇ ਆਦੇਸ਼ ਦਿੱਤੇ ਹਨ। ਯੂਟੀ ਪ੍ਰਸ਼ਾਸਨ ਨੇ 1 ਅਪਰੈਲ 2022 ਤੋਂ ਨਵੀਂ ਨੀਤੀ ਲਾਗੂ ਕਰਨ ਲਈ ਸ਼ਰਾਬ ਦੇ ਠੇਕਿਆਂ ਦੀ ਬੋਲੀ ਕਰਵਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਸ਼ਹਿਰ ਵਿਚਲੇ 96 ਸ਼ਰਾਬ ਦੇ ਠੇਕਿਆਂ ਦੀਆਂ ਰਾਖਵੀਆਂ ਕੀਮਤਾਂ ਵੀ ਤੈਅ ਕਰ ਲਈਆਂ ਹਨ। ਇਸ ਵਾਰ ਧਨਾਸ ਦਾ ਠੇਕਾ ਸਭ ਤੋਂ ਮਹਿੰਗਾ ਰਹਿਣ ਦੀ ਉਮੀਦ ਹੈ, ਜਿਸ ਦੀ ਰਾਖਵੀਂ ਕੀਮਤ 10.39 ਲੱਖ ਰੁਪਏ ਰੱਖੀ ਗਈ ਹੈ। ਇਨ੍ਹਾਂ ਠੇਕਿਆਂ ਦੀ ਬੋਲੀ ਜਲਦੀ ਹੀ ਕਰਵਾਈ ਜਾਵੇਗੀ।