ਖੇਤਰੀ ਪ੍ਰਤੀਨਿਧ
ਡੇਰਾਬੱਸੀ, 14 ਜੁਲਾਈ
ਡੇਰਾਬੱਸੀ ਵਿੱਚ ਭਾਰਤ ਸੰਚਾਰ ਨਿਗਮ ਲਿਮਟਿਡ ਦੇ ਦਫ਼ਤਰ ਵਿੱਚ ਸਟਾਫ ਦੀ ਘਾਟ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ। ਦਫ਼ਤਰ ਵਿੱਚ ਕੈਸ਼ੀਅਰ ਤੇ ਐੱਸਡੀਓ ਦੇ ਅਹੁਦੇ ਲੰਮੇ ਸਮੇਂ ਤੋਂ ਖਾਲੀ ਹਨ। ਜਦੋਂ ਕੋਈ ਬਿੱਲ ਭਰਨ ਆਉਂਦਾ ਹੈ ਤਾਂ ਜੇਟੀਓ ਜਾਂ ਜੇਈ ਨੂੰ ਇਹ ਜ਼ਿੰਮੇਵਾਰੀ ਸੰਭਾਲਣੀ ਪੈਂਦੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਕੁਝ ਸੀਟਾਂ ਕੇਂਦਰ ਸਰਕਾਰ ਦੀ ਸਵੈਵਿੱਛਕ ਰਿਟਾਇਰਮੈਂਟ ਸਕੀਮ ਲਾਗੂ ਹੋਣ ਮਗਰੋਂ ਖਾਲੀ ਹੋਈਆਂ ਹਨ, ਜਿਸ ਦਾ ਬੀਐੱਸਐੱਨਐੱਲ ਦੀਆਂ ਯੂਨੀਅਨਾ ਵੱਲੋਂ ਵਿਰੋਧ ਵੀ ਕੀਤਾ ਗਿਆ। ਕੁਝ ਸਾਲ ਪਹਿਲਾਂ ਇਸ ਇਲਾਕੇ ਵਿੱਚ ਤਿੰਨ ਹਜ਼ਾਰ ਤੋਂ ਵੱਧ ਖ਼ਪਤਕਾਰ ਜੁੜੇ ਸਨ, ਜੋ ਹੁਣ 500 ਹੀ ਰਹਿ ਗਏ ਹਨ। ਦਫ਼ਤਰ ਵਿੱਚ ਸਿਰਫ਼ ਇੱਕ ਜੇਟੀਓ ਤੇ ਦੋ ਜੇਈ ਹਨ। ਠੇਕਾ ਆਧਾਰ ’ਤੇ ਕੰਮ ਕਰ ਰਹੇ ਲਾਈਨਮੈਨ ਹੀ ਸ਼ਿਕਾਇਤ ਦਾ ਹੱਲ ਕਰਨ ਜਾਂਦੇ ਹਨ।