ਜਗਮੋਹਨ ਸਿੰਘ
ਰੂਪਨਗਰ, 21 ਮਈ
ਘਨੌਲੀ-ਚੰਡੀਗੜ੍ਹ ਸੜਕ ’ਤੇ ਪਿੰਡ ਬਿੰਦਰਖ ਨੇੜੇ 8.24 ਕਰੋੜ ਦੀ ਲਾਗਤ ਨਾਲ ਹਰੀਪੁਰ ਨਾਲੇ ’ਤੇ ਉਸਾਰੇ ਜਾ ਰਹੇ ਪੁਲ ਦਾ ਕੰਮ ਰੇਤ-ਬਜਰੀ ਦੀ ਘਾਟ ਕਾਰਨ ਅੱਧ ਵਿਚਾਲੇ ਰੁਕਿਆ ਹੋਇਆ ਹੈ। ਇਸ ਸਬੰਧੀ ਰੋਸ ਜ਼ਾਹਿਰ ਕਰਦਿਆਂ ਪਿੰਡ ਕਕੌਟ ਦੇ ਨੰਬਰਦਾਰ ਰਣਬੀਰ ਸਿੰਘ, ਸਰਪੰਚ ਰਣਜੀਤ ਕੌਰ , ਸਾਬਕਾ ਸਰਪੰਚ ਨਰਾਤਾ ਸਿੰਘ, ਦਿਲਬਰ ਸਿੰਘ ਸਰਪੰਚ ਪੁਰਖਾਲੀ, ਲਖਵੰਤ ਸਿੰਘ ਹਿਰਦਾਪੁਰ, ਸਾਬਕਾ ਸਰਪੰਚ ਮੇਵਾ ਸਿੰਘ ਬਿੰਦਰਖ ਨੇ ਦੱਸਿਆ ਕਿ ਘਨੌਲੀ-ਚੰਡੀਗੜ੍ਹ ਸੜਕ ’ਤੇ ਪੈਦੇ ਹਰੀਪੁਰ ਨਾਲੇ ’ਤੇ ਪੁਲ ਦੀ ਉਸਾਰੀ ਲਈ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਸਮੇਂ ਡਾ. ਦਲਜੀਤ ਸਿੰਘ ਚੀਮਾ ਨੇ ਨੀਂਹ ਪੱਥਰ ਰੱਖਿਆ ਸੀ ਪਰ ਉਸਾਰੀ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ।
ਉਨ੍ਹਾਂ ਦੱਸਿਆ ਕਿ 18 ਦਸੰਬਰ 2021 ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੜ ਨੀਂਹ ਪੱਥਰ ਰਖਵਾ ਕੇ ਕੁਝ ਦਿਨਾਂ ਵਿੱਚ ਪੁਲ ਦੀ ਉਸਾਰੀ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ‘ਆਪ’ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪੁਲ ਦੀ ਉਸਾਰੀ ਦਾ ਕੰਮ ਰੁੱਕ ਗਿਆ ਹੈ। ਉਨ੍ਹਾਂ ਦੱਸਿਆ ਕਿ ਮਹਿਕਮੇ ਵੱਲੋਂ ਜਿਹੜਾ ਆਰਜ਼ੀ ਰਸਤਾ ਬਣਾਇਆ ਗਿਆ ਹੈ, ਉਸ ਵਿੱਚ ਡੂੰਘੇ ਟੋਏ ਪਏ ਹਨ ਅਤੇ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਥੇ ਲੋਕਾਂ ਦੇ ਵਾਹਨ ਫਸਣੇ ਸ਼ੁਰੂ ਹੋ ਜਾਂਦੇ ਹਨ। ਬੀਤੇ ਦਿਨ ਰਸਤੇ ਵਿੱਚ ਇੱਕ ਟਰੱਕ ਕਈ ਘੰਟੇ ਫਸਿਆ ਰਿਹਾ। ਉਨ੍ਹਾਂ ਮੰਗ ਕੀਤੀ ਕਿ ਪੁਲ ਦੀ ਉਸਾਰੀ ਜਲਦ ਪੂਰੀ ਕੀਤੀ ਜਾਵੇ।
ਰੇਤ ਤੇ ਬਜਰੀ ਦੀ ਘਾਟ ਕਾਰਨ ਸਮੱਸਿਆ ਆਈ : ਕਾਰਜਕਾਰੀ ਇੰਜੀਨੀਅਰ
ਪੀਡਬਲਿਊਡੀ ਬੀ.ਐਂਡ.ਆਰ ਵਿਭਾਗ ਰੂਪਨਗਰ ਦੇ ਕਾਰਜਕਾਰੀ ਇੰਜਨੀਅਰ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲ ਦੀ ਉਸਾਰੀ ਦਾ ਕੰਮ ਸਿਆਸੀ ਕਾਰਨਾਂ ਕਰਕੇ ਨਹੀਂ ਬਲਕਿ ਰੇਤ-ਬਜਰੀ ਦੀ ਘਾਟ ਕਾਰਨ ਠੇਕੇਦਾਰ ਵੱਲੋਂ ਰੋਕਿਆ ਹੋਇਆ ਹੈ ਜਿਸ ਨੂੰ ਜਲਦੀ ਹੀ ਮੁੜ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਰਜ਼ੀ ਰਸਤੇ ਨੂੰ ਵੀ ਜਲਦੀ ਠੀਕ ਕਰਵਾ ਦਿੱਤਾ ਜਾਵੇਗਾ।