ਕਰਮਜੀਤ ਸਿੰਘ ਚਿੱਲਾ
ਬਨੂੜ, 26 ਮਾਰਚ
ਇੱਥੋਂ ਲਾਂਡਰਾਂ ਨੂੰ ਜਾਂਦੇ ਕੌਮੀ ਮਾਰਗ ਉੱਤੇ ਪਿੰਡ ਸਨੇਟਾ ਵਿੱਚ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਵੱਲੋਂ ਲਗਾਏ ਧਰਨੇ ਵਿੱਚ ਬਰਿਆਲੀ ਤੋਂ ਅੰਬਾਲਾ ਬਰਾਤ ਲੈ ਕੇ ਜਾ ਰਹੇ ਲਾੜੇ ਪਰਮਪ੍ਰੀਤ ਸਿੰਘ ਨੇ ਸਮੁੱਚੀ ਬਰਾਤ ਨਾਲ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਖੁਦ ਇਨਕਲਾਬੀ ਨਾਅਰੇ ਲਗਾ ਕੇ ਧਰਨਾਕਾਰੀ ਕਿਸਾਨਾਂ ਦਾ ਸਾਥ ਵੀ ਦਿੱਤਾ। ਇਸ ਮੌਕੇ ਧਰਨਾਕਾਰੀ ਕਿਸਾਨਾਂ ਨੇ ਲਾੜੇ ਅਤੇ ਬਰਾਤ ਦਾ ਧਰਨੇ ਵਿੱਚ ਸ਼ਾਮਲ ਹੋਣ ਉੱਤੇ ਸਵਾਗਤ ਵੀ ਕੀਤਾ।
ਲਾੜੇ ਪਰਮਪ੍ਰੀਤ ਸਿੰਘ, ਉਨ੍ਹਾਂ ਦੇ ਪਿਤਾ ਸਿਕੰਦਰ ਸਿੰਘ, ਦਾਦਾ ਕੈਪਟਨ ਨਛੱਤਰ ਸਿੰਘ ਅਤੇ ਪਿੰਡ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਬਰਿਆਲੀ ਨੇ ਕਿਹਾ ਕਿ ਉਹ ਕਿਸਾਨ ਸੰਘਰਸ਼ ਵਿੱਚ ਲਗਾਤਾਰ ਦਿੱਲੀ ਦੇ ਧਰਨੇ ’ਚ ਵੀ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਆਪਣੇ ਬਰਾਤ ਵਾਲੇ ਰਸਤੇ ਉੱਤੇ ਕਿਸਾਨਾਂ ਵੱਲੋਂ ਜਿੰਨੇ ਵੀ ਧਰਨੇ ਲਗਾਏ ਹੋਏ ਨੇ ਉਹ ਸਾਰਿਆਂ ਵਿੱਚ ਧਰਨੇ ਵਿੱਚ ਬੈਠ ਕੇ ਹਾਜ਼ਰੀ ਲਗਵਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸਾਨ ਹਨ ਤੇ ਕਿਸਾਨਾਂ ਦੇ ਨਾਲ ਹਨ ਤੇ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਹ ਕਿਸਾਨਾਂ ਦਾ ਸਾਥ ਦਿੰਦੇ ਰਹਿਣਗੇ।