ਸਾਹਿਤ ਪ੍ਰਤੀਨਿਧ
ਚੰਡੀਗੜ੍ਹ, 1 ਮਾਰਚ
ਸਾਹਿਤਕਾਰਾਂ ਦੇ ਮਸ਼ਵਰੇ ਅਤੇ ਸਹਿਯੋਗ ਨਾਲ ਉਨ੍ਹਾਂ ਦੀਆਂ ਮਿਆਰੀ ਤੇ ਸਾਹਿਤਕ ਪੁਸਤਕਾਂ ਰਾਹੀਂ ਪੰਜਾਬ ਦੀਆਂ ਲਾਇਬ੍ਰੇਰੀਆਂ ਨੂੰ ਅਮੀਰ ਬਣਾਇਆ ਜਾਵੇਗਾ। ਇਹ ਪ੍ਰਗਟਾਵਾ ਸਕੂਲ ਸਿੱਖਿਆ ਤੇ ਪੀਡਬਲਿਊਡੀ ਮੰਤਰੀ, ਪੰਜਾਬ ਵਿਜੈ ਇੰਦਰ ਸਿੰਗਲਾ ਨੇ ਸ਼੍ਰੋਮਣੀ ਪੱਤਰਕਾਰ ਅਤੇ ਲੇਖਕ ਕਮਲਜੀਤ ਸਿੰਘ ਬਨਵੈਤ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਇੱਕ ਬੰਦਾ ਹੁੰਦਾ ਸੀ’ ਦਾ ਲੋਕ-ਅਰਪਣ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ। ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪ੍ਰੈੱਸ ਕਲੱਬ, ਚੰਡੀਗੜ੍ਹ ਵਿੱਚ ਕਰਵਾਏ ਗਏ ਇਸ ਸਮਾਗਮ ਦੌਰਾਨ ਡਾ. ਮਨਮੋਹਨ ਸਿੰਘ ਦਾਊਂ, ਡਾ. ਪਿਆਰੇ ਲਾਲ ਗਰਗ, ਡਾ. ਦੀਪਕ ਮਨਮੋਹਨ ਸਿੰਘ ਤੇ ਹੋਰਨਾਂ ਨੇ ਪੁਸਤਕ ਅਤੇ ਲੇਖਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਵਿੱਚ ਕ੍ਰਿਸ਼ਨ ਕੁਮਾਰ ਬਾਵਾ, ਮਲਕੀਤ ਸਿੰਘ ਦਾਖਾ, ਬਾਲ ਮੁਕੰਦ ਸ਼ਰਮਾ, ਕਰਮਜੀਤ ਬੱਗਾ, ਸੁਸ਼ੀਲ ਦੋਸਾਂਝ, ਬਲਜੀਤ ਪਰਮਾਰ, ਬਲਕਾਰ ਸਿੱਧੂ ਅਤੇ ਡਾ. ਲਾਭ ਸਿੰਘ ਖੀਵਾ ਸਮੇਤ ਹੋਰ ਸਾਹਿਤ ਕਰਮੀਆਂ ਨੇ ਭਰਵੀਂ ਹਾਜ਼ਰੀ ਲਗਵਾਈ।