ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ
ਬੀਤੇ ਦਿਨ ਸ੍ਰੀ ਆਨੰਦਪੁਰ ਸਾਹਿਬ ਦੇ ਮੁਹੱਲਾ ਕੁਰਾਲੀ ਵਾਲਾ ਵਿੱਚ ਰਹਿਣ ਵਾਲੇ 33 ਸਾਲਾ ਰਾਮ ਸਿੰਘ ਕਾਕੂ ਵੱਲੋਂ ਦੜਾ-ਸੱਟਾ ਲਾਉਣ ਕਰਕੇ ਸਿਰ ਚੜ੍ਹੇ 50 ਹਜ਼ਾਰ ਦੇ ਕਰਜ਼ੇ ਤੋਂ ਤੰਗ ਆ ਕੇ ਕੁਝ ਵਿਅਕਤੀਆਂ ਦਾ ਨਾਮ ਲੈਣ ਉਪਰੰਤ ਭਾਖੜਾ ਨਹਿਰ ਵਿੱਚ ਛਲਾਂਗ ਲਗਾ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਲਾਸ਼ ਨਾ ਮਿਲਣ ਕਰਕੇ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਨੌਜਵਾਨ ਦੀ ਲਾਸ਼ ਅੱਜ ਨੱਕੀਆਂ ਪਾਵਰ ਹਾਊਸ ਤੋਂ ਮਿਲਣ ਉਪਰੰਤ ਪੋਸਟਮਾਰਟਮ ਪੋਸਟਮਾਰਟਮ ਕਰਵਾ ਕੇ ਪੁਲੀਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਹੇਠ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਤਿੰਨ ਬੱਚਿਆਂ ਦੇ ਪਿਤਾ 33 ਸਾਲਾ ਰਾਮ ਸਿੰਘ ਕਾਕੂ ਸਥਾਨਕ ਮੁਹੱਲਾ ਕੁਰਾਲੀ ਵਾਲਾ ਵਿੱਚ ਆਪਣੀ ਪਤਨੀ, ਦੋ ਲੜਕੀਆਂ ਅਤੇ ਇਕ ਲੜਕੇ ਨਾਲ ਰਹਿ ਰਿਹਾ ਸੀ। ਭਾਵੇਂ ਕਾਕੂ ਨਾਲ ਲਗਦੇ ਹਿਮਾਚਲ ਪ੍ਰਦੇਸ਼ ਦੇ ਪਿੰਡ ਨੀਲਾ ਦਾ ਵਸਨੀਕ ਹੈ ਪਰ ਪਿਛਲੇ ਤਕਰੀਬਨ ਦੋ ਸਾਲ ਤੋਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਇਥੇ ਹੀ ਮਰੂਤੀ ਸਜੂਕੀ ਕੰਪਨੀ ਵਿੱਚ ਬਤੌਰ ਸਕਿਊਰਟੀ ਗਾਰਡ ਵਜੋਂ ਰਾਤ ਦੀ ਡਿਊਟੀ ਕਰਦਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਕਾਕੂ ਨੇ ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾਂ ਆਡੀਓ ਵਾਇਰਲ ਕੀਤੀ, ਜਿਸ ਵਿੱਚ ਉਸ ਨੇ ਦੱਸਿਆ ਕਿ ਚਾਰ ਲੋਕਾਂ ਨੇ ਉਸ ਨੂੰ ਸੱਟੇ ਦੇ ਕੰਮ ਵਿੱਚ ਫਸਾ ਦਿੱਤਾ, ਜਿਸ ਕਾਰਨ 15 ਦਿਨਾਂ ਵਿੱਚ ਉਹ 50 ਹਜ਼ਾਰ ਦਾ ਕਰਜ਼ਈ ਹੋ ਗਿਆ। ਇਸ ਕਰਕੇ ਉਹ ਨਹਿਰ ਵਿੱਚ ਛਾਲ ਮਾਰ ਕੇ ਮਰ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੇ ਚਾਰੋਂ ਵਿਅਕਤੀਆਂ ਦੇ ਨਾਮ ਵੀ ਨਸ਼ਰ ਕੀਤੇ ਹਨ। ਉਨ੍ਹਾਂ ਮੰਗ ਕੀਤੀ ਕਿ ਕਾਕੂ ਦੀ ਮੌਤ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਸਖਤ ਸਜ਼ਾ ਦਿਤੀ ਜਾਵੇ।
ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਮਿਲਣ ਮਗਰੋਂ ਪੁਲੀਸ ਨੇ ਕਾਰਵਾਈ ਕਰਦਿਆਂ ਪਵਨ ਪਿੰਡ ਜੱਜਰ, ਲੱਕੀ, ਸੋਨੀ, ਮੋਹਣੀ ਵਾਸੀਆਨ ਪਿੰਡ ਨੀਲਾਂ ਹਿਮਾਚਲ ਪ੍ਰਦੇਸ਼ ਦੇ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਪੁਲੀਸ ਨੇ ਨੌਜਵਾਨ ਦਾ ਮੋਬਾਈਲ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ।