ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 28 ਅਕਤੂਬਰ
ਇੱਥੋਂ ਦੀ ਸੁਖਨਾ ਝੀਲ ਦੇ ਪਿਛਲੇ ਪਾਸੇ ਬੁੱਧਾ ਗਾਰਡਨ ਨੇੜੇ ਜੰਗਲੀ ਇਲਾਕੇ ਵਿੱਚੋਂ ਮੁਟਿਆਰ ਦੀ ਲਾਸ਼ ਮਿਲੀ ਹੈ। ਪੁਲੀਸ ਅਨੁਸਾਰ ਅੱਜ ਦੁਪਹਿਰ ਲਗਪਗ ਪੌਣੇ ਦੋ ਵਜੇ ਪੁਲੀਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਸੀ ਕਿ ਸੁਖਨਾ ਝੀਲ ਦੇ ਪਿਛਲੇ ਪਾਸੇ ਬੁੱਧਾ ਗਾਰਡਨ ਦੇ ਜੰਗਲੀ ਇਲਾਕੇ ਵਿੱਚ ਔਰਤ ਦੀ ਲਾਸ਼ ਪਈ ਹੈ। ਸੂਚਨਾ ਮਿਲਣ ’ਤੇ ਥਾਣਾ ਸੈਕਟਰ 26 ਦੇ ਐੱਸਐੱਚਓ ਸਮੇਤ ਐੱਸਡੀਪੀਓ (ਈਸਟ) ਪਲਕ ਗੋਇਲ ਸਮੇਤ ਪੁਲੀਸ ਦੀ ਟੀਮ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਪੁਛਗਿੱਛ ਕਰਨ ਤੋਂ ਬਾਅਦ ਮ੍ਰਿਤਕ ਦੀ ਪਛਾਣ ਅੰਜਲੀ (22) ਵਾਸੀ ਨਕੋਦਰ ਪੰਜਾਬ ਵਜੋਂ ਹੋਈ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲਾ ਕੇ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਪੁਲੀਸ ਅਨੁਸਾਰ ਮ੍ਰਿਤਕ ਮੁਟਿਆਰ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਤੋਂ ਬਾਅਦ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਨੌਜਵਾਨ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ
ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੀ ਵੀਆਈਪੀ ਰੋਡ ’ਤੇ ਸਥਿਤ ਐੱਸਬੀਪੀ ਸਾਊਥ ਸਿਟੀ ਨੇੜੇ ਝੁੱਗੀਆਂ ਵਿੱਚ ਰਹਿਣ ਵਾਲੇ 23 ਸਾਲਾ ਵਿਸ਼ਾਲ ਨਾਮ ਦੇ ਵਿਅਕਤੀ ਨੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਦਾ ਕਾਰਨ ਹਾਲੇ ਸਪੱਸ਼ਟ ਨਹੀਂ ਹੋ ਸਕਿਆ। ਮ੍ਰਿਤਕ ਤੋਂ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ ਹੈ। ਮ੍ਰਿਤਕ ਵਿਸ਼ਾਲ ਆਪਣੇ ਤਿੰਨ ਭਰਾਵਾਂ ਅਤੇ ਮਾਂ ਨਾਲ ਰਹਿੰਦਾ ਸੀ ਅਤੇ ਰਾਇਲ ਪਾਮ ਮਾਰਕੀਟ ਵਿੱਚ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ। ਸੂਚਨਾ ਮਿਲਦਿਆਂ ਹੀ ਜ਼ੀਰਕਪੁਰ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਵਿਸ਼ਾਲ ਦੇ ਭਰਾ ਬਿਰਜੂ ਨੇ ਦੱਸਿਆ ਕਿ ਲੰਘੀ ਸ਼ਾਮ ਉਹ ਕੰਮ ਤੋਂ ਵਾਪਸ ਆ ਕੇ ਰੋਜ਼ਾਨਾ ਵਾਂਗ ਖਾਣਾ ਖਾ ਕੇ ਸੌਂ ਗਿਆ ਸੀ। ਪਿਛਲੇ ਕੁਝ ਦਿਨਾਂ ਤੋਂ ਥੋੜ੍ਹੀ ਪ੍ਰੇਸ਼ਾਨੀ ਚੱਲ ਰਹੀ ਸੀ ਪਰ ਅਜਿਹਾ ਕੁਝ ਨਹੀਂ ਸੀ ਕਿ ਉਹ ਖੁਦਕੁਸ਼ੀ ਕਰ ਲੈਂਦਾ। ਸ਼ੁੱਕਰਵਾਰ ਸਵੇਰੇ ਛੇ ਵਜੇ ਲੋਕਾਂ ਨੇ ਦੱਸਿਆ ਕਿ ਦਰੱਖਤ ਨਾਲ ਕਿਸੇ ਦੀ ਲਾਸ਼ ਲਟਕ ਰਹੀ ਹੈ। ਜਦੋਂ ਅਸੀਂ ਜਾ ਕੇ ਦੇਖਿਆ ਤਾਂ ਇਹ ਲਾਸ਼ ਉਸਦੇ ਭਰਾ ਵਿਸ਼ਾਲ ਦੀ ਸੀ। ਜਿਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ।