ਨੌਂ ਦਿਨਾਂ ਤੋਂ ਲਾਪਤਾ ਵਿਅਕਤੀ ਦੀ ਲਾਸ਼ ਮਿਲੀ

ਨੌਂ ਦਿਨਾਂ ਤੋਂ ਲਾਪਤਾ ਵਿਅਕਤੀ ਦੀ ਲਾਸ਼ ਮਿਲੀ

ਨਿਊ ਚੰਡੀਗੜ੍ਹ ਵਿੱਚ ਪੁਲੀਸ ਵੱਲੋਂ ਮਾਮਲੇੇ ਦੀ ਜਾਂਚ ’ਚ ਦੇਰੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਲੋਕ। ਫੋਟੋ: ਪ੍ਰਦੀਪ ਤਿਵਾੜੀ

ਚਰਨਜੀਤ ਚੰਨੀ

ਮੁੱਲਾਂਪੁਰ ਗਰੀਬਦਾਸ, 20 ਜੂਨ

ਪਿਛਲੇ 9 ਦਿਨ ਤੋਂ ਪਿੰਡ ਛੋਟੀ-ਬੜੀ ਨੱਗਲ ਦੇ ਭੇਤਭਰੀ ਹਾਲਤ ਵਿੱਚ ਲਾਪਤਾ ਹੋਏ ਇੱਕ ਵਿਅਕਤੀ ਦੀ ਲਾਸ਼ ਮਿਲ ਗਈ ਹੈ। ਪਿੰਡ ਨੱਗਲ ਵਾਸੀ ਸੁਨੀਤਾ ਨੇ ਦੱਸਿਆ ਕਿ ਉਸ ਦਾ ਪਤੀ ਸੁੱਚਾ ਸਿੰਘ 12 ਜੂਨ ਨੂੰ ਦੁਪਹਿਰ ਵੇਲੇ ਬੱਕਰੀਆਂ ਚਾਰਨ ਗਿਆ ਸੀ ਪਰ ਦੇਰ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ। ਉਸ ਨੇ ਦੱਸਿਆ ਕਿ ਉਸ ਨੂੰ ਬਾਅਦ ਵਿੱਚ ਪਤਾ ਲੱਗਿਆ ਸੀ ਕਿ ਉਸ ਦੇ ਪਤੀ ਨੂੰ ਪਿੰਡ ਪੜੌਲ ਵਾਸੀ ਜਗੀਰ ਸਿੰਘ ਉਰਫ ਘੋਲਾ ਆਪਣੇ ਫਾਰਮ ਹਾਊਸ ਵਿੱਚ ਦਿਹਾੜੀ ’ਤੇ ਲੈ ਗਿਆ ਸੀ, ਪਰ ਉੱਥੋਂ ਉਹ ਵਾਪਸ ਘਰ ਨਹੀਂ ਪਰਤਿਆ ਜਿਸ ਦੀ ਗੁੰਮਸ਼ੁਦਗੀ ਸਬੰਧੀ ਪੁਲੀਸ ਨੂੰ 14 ਜੂਨ ਨੂੰ ਸੂਚਿਤ ਕੀਤਾ ਗਿਆ ਸੀ। ਇਸ ਸਬੰਧੀ ਭਾਗਾ ਬਾਈ ਨੱਗਲ ਨੇ ਦੱਸਿਆ ਕਿ ਅੱਜ ਜਦੋਂ ਅਚਾਨਕ ਸੁੱਚਾ ਸਿੰਘ ਦੇ ਘਰ ਰੱਖੇ ਹੋਏ ਪਾਲਤੂ ਕੁੱਤੇ ਨੂੰ ਜਗੀਰ ਸਿੰਘ ਦੇ ਫਾਰਮ ਹਾਊਸ ਲਿਜਾਇਆ ਗਿਆ ਜੋ ਮੁੱਖ ਮੰਤਰੀ ਪੰਜਾਬ ਦੇ ਮਹਿੰਦਰਾ ਬਾਗ ਦੇ ਬਿਲਕੁਲ ਕੋਲ ਹੀ ਤੇ ਥੋੜ੍ਹੀ ਦੇਰ ਬਾਅਦ ਕੁੱਤਾ ਇੱਕ ਟੋਏ ਕੋਲ ਬੈਠ ਗਿਆ। ਲੋਕਾਂ ਨੇ ਸ਼ੱਕ ਜ਼ਾਹਰ ਕਰਦਿਆਂ ਪੁਲੀਸ ਦੀ ਮੌਜੂਦਗੀ ਵਿੱਚ ਟੋਏ ਨੂੰ ਜੇਸੀਬੀ ਮਸ਼ੀਨ ਮੰਗਵਾ ਕੇ ਪੁੱਟਿਆ ਤਾਂ ਉੱਥੋਂ ਡੂੰਘੇ ਟੋਏ ਵਿੱਚੋਂ ਬਿਨਾਂ ਸਿਰ ਤੋਂ ਧੜ ਮਿਲਿਆ, ਲੋਕਾਂ ਅਨੁਸਾਰ ਉਨ੍ਹਾਂ ਧੜ ਦੀ ਪਛਾਣ ਕੱਪੜਿਆਂ ਤੋਂ ਕੀਤੀ। ਇਸ ਮੌਕੇ ਲੋਕਾਂ ਨੇ ਸੀਐੱਮ ਦੇ ਫਾਰਮ ਹਾਊਸ ਬਾਹਰ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਾਤਲਾਂ ਨੂੰ ਫੜਨ ਦੀ ਮੰਗ ਕੀਤੀ। ਪੁਲੀਸ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਐੱਸਐੱਚਓ ਸਤਿੰਦਰ ਸਿੰਘ ਅਤੇ ਐੱਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਅੱਜ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਕਤਲ ਕੇਸ ਦਰਜ ਕਰਨ ਮਗਰੋਂ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਖਰੜ ਰਖਵਾ ਦਿੱਤੀ ਗਈ ਹੈ। ਮ੍ਰਿਤਕ ਦੇ ਸਿਰ ਦੀ ਭਾਲ ਲਈ ਪਿੰਡ ਦੇ ਲੋਕਾਂ ਸਮੇਤ ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨੀ ਸ਼ੁਰੂ ਕਰ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All