ਮੁਕੇਸ਼ ਕੁਮਾਰ
ਚੰਡੀਗੜ੍ਹ, 2 ਅਕਤੂਬਰ
ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਇੱਕ ਲੜਕੀ ਦੀ ਕਥਿਤ ਗੈਂਗਰੇਪ ਦੇ ਮੁੱਦੇ ਨੂੰ ਲੈ ਕੇ ਲੰਘੇ ਦਿਨ ਵੀਰਵਾਰ ਨੂੰ ਪੀੜਿਤ ਪਰਿਵਾਰ ਨੂੰ ਮਿਲਣ ਗਏ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਯੂਪੀ ਪੁਲੀਸ ਵਲੋਂ ਦਿੱਲੀ- ਯੂਪੀ ਬਾਰਡਰ ਉੱਤੇ ਉਨ੍ਹਾਂ ਨਾਲ ਕੀਤੀ ਕਥਿਤ ਧੱਕਾਮੁੱਕੀ ਅਤੇ ਗ੍ਰਿਫਤਾਰੀ ਨੂੰ ਲੈ ਕੇ ਅੱਜ ਚੰਡੀਗੜ੍ਹ ਕਾਂਗਰਸ ਨੇ ਇਥੇ ਸੈਕਟਰ 34 ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ ਵਿੱਚ ਹਾਜ਼ਰ ਚੰਡੀਗੜ੍ਹ ਕਾਂਗਰਸ ਦੇ ਵਰਕਰਾਂ ਨੇ ਇਸ ਵਿਰੋਧ ਪ੍ਰਦਰਸ਼ਨ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਅਤੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਵਰਕਰ ਜਿਵੇਂ ਹੀ ਸੈਕਟਰ 33 ਸਥਿਤ ਚੰਡੀਗੜ੍ਹ ਭਾਜਪਾ ਦਫ਼ਤਰ ਕਮਲਮ ਨੂੰ ਘੇਰਨ ਲਈ ਰਵਾਨਾ ਹੋਏ ਤਾਂ ਮੌਕੇ ’ਤੇ ਹਾਜ਼ਰ ਚੰਡੀਗੜ੍ਹ ਪੁਲੀਸ ਦੇ ਸੁਰੱਖਿਆ ਦਸਤੇ ਵਿੱਚ ਸ਼ਾਮਲ ਮੁਲਾਜ਼ਮਾਂ ਨੇ ਬੈਰੀਕੇਡਿੰਗ ਕਰ ਕੇ ਉਨ੍ਹਾਂ ਦਾ ਰਸਤਾ ਰੋਕ ਲਿਆ। ਭਾਜਪਾ ਦਫਤਰ ਨੂੰ ਘੇਰਨ ਲਈ ਬਜ਼ਿੱਦ ਕਾਂਗਰਸੀਆਂ ਨੇ ਪੁਲੀਸ ਵਲੋਂ ਲਗਾਏ ਗਏ ਬੇਰੀਕੇਡਾਂ ਦੀ ਪ੍ਰਵਾਹ ਕੀਤੇ ਬਿਨਾਂ ਸੈਕਟਰ 33 ਵਿੱਚ ਜਾਣ ਦੀ ਕੋਸ਼ਿਸ ਕੀਤੀ ਤਾਂ ਹਾਲਾਤ ਬੇਕਾਬੂ ਹੋ ਗਏ। ਪੁਲੀਸ ਨੇ ਪ੍ਰਦਰਸ਼ਨ ਕਰ ਰਹੇ ਕਾਂਗਰਸੀਆਂ ’ਤੇ ਜਲ ਤੋਪਾਂ ਰਾਹੀਂ ਪਾਣੀ ਦੀਆਂ ਬੋਛਾਰਾਂ ਮਾਰੀਆਂ। ਜਲ ਤੋਪਾਂ ਦੀਆਂ ਬੋਛਾਰਾਂ ਨਾਲ ਕਈ ਕਾਂਗਰਸੀ ਵਰਕਰ ਝੰਬੇ ਗਏ।
ਜਾਣਕਾਰੀ ਅਨੁਸਾਰ ਇਸ ਵੇਲੇ ਮਚੀ ਹਫੜਾ ਦਫੜੀ ਦੌਰਾਨ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਸਮੇਤ ਕਈ ਹੋਰ ਕਾਂਗਰਸੀ ਵਰਕਰ ਜਖ਼ਮੀ ਹੋ ਗਏ। ਚੰਡੀਗੜ੍ਹ ਕਾਂਗਰਸ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਭਾਜਪਾ ਊਨ੍ਹਾਂ ਨਾਲ ਕਿੰਨੀ ਵੀ ਬਦਸਲੂਕੀ ਕਰੇ ਊਹ ਦੇਸ਼ ਵਾਸੀਆਂ ਦੇ ਹਿੱਤ ਲਈ ਆਪਣੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਇਸ ਗੱਲ ਤੇ ਅਫਸੋਸ ਜ਼ਾਹਿਰ ਕੀਤੇ ਕਿ ਪ੍ਰਸ਼ਾਸਨ ਨੇ ਘਟਨਾ ਤੋਂ 15 ਦਿਨ ਬਾਅਦ ਕਾਤਲਾਂ ਦੇ ਖਿਲਾਫ ਮੁਕੱਦਮਾ ਦਰਜ ਤੱਕ ਨਹੀਂ ਕੀਤਾ। ਦੂਜੇ ਪਾਸੇ ਪੀੜਿਤ ਪਰਿਵਾਰ ਨੂੰ ਮਿਲ ਕੇ ਉਹਨਾਂ ਦਾ ਦੁੱਖ ਸਾਂਝਾ ਕਰਨ ਗਏ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਵੀ ਯੂ ਪੀ ਬਾਰਡਰ ਤੇ ਰੋਕ ਕੇ ਉਹਨਾਂ ਨਾਲ ਬੇਸਲੂਕੀ ਕੀਤੀ ਗਈ।