ਆਤਿਸ਼ ਗੁਪਤਾ
ਚੰਡੀਗੜ੍ਹ, 11 ਅਕਤੂਬਰ
ਇੱਥੇ ਦੇ ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਸਥਿਤ ਪਲੇਅ ਬੁਆਏ ਕਲੱਬ ਦੇ ਬਾਹਰ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਵੱਲੋਂ ਸਟੂਡੇਂਟਸ ਆਰਗੇਨਾਈਜੇਸ਼ਨ ਆਫ਼ ਪੰਜਾਬ ਯੂਨੀਵਰਸਿਟੀ (ਸੋਪੂ) ਦੇ ਸਾਬਕਾ ਪ੍ਰਧਾਨ ਗੁਰਲਾਲ ਬਰਾੜ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਚੰਡੀਗੜ੍ਹ ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪਰਿਵਾਰ ਨੂੰ ਸੂਚਿਤ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਜਿਸ ਦਾ ਕਰੋਨਾ ਟੈਸਟ ਕਰਵਾਉਣ ਤੋਂ ਬਾਅਦ ਪੋਸਟਮਾਰਟਮ ਕੀਤਾ ਜਾਵੇਗਾ।
ਗੁਰਲਾਲ ਦੀ ਹੱਤਿਆ ਦੀ ਜ਼ਿੰਮੇਵਾਰੀ ਫੇਸਬੁੱਕ ਰਾਹੀਂ ‘ਦਵਿੰਦਰ ਬੰਬੀਹਾ’ ਨਾਮ ਦੇ ਆਈਡੀ ’ਤੇ ਲਈ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ‘‘ਅੱਜ ਇਸ ਪੋਸਟ ਰਾਹੀਂ ਤੁਹਾਨੂੰ ਸਾਰਿਆਂ ਨੂੰ ਦੱਸਦੇ ਹਾਂ ਕਿ ਜਿਹੜਾ ਗੁਰਲਾਲ ਬਰਾੜ ਦਾ ਕੰਮ ਚੰਡੀਗੜ੍ਹ ਦੇ ਕਲੱਬ ਦੇ ਬਾਹਰ ਕੀਤਾ ਹੈ ਇਹ ਸਾਡੇ ਵੀਰ ਲੱਕੀ ਨੇ ਮਾਰਿਆ ਹੈ। ਇਸ ਨੇ ਸਾਡਾ ਭਰਾ ਲਵੀ ਦਿਓਰਾ ਕੋਟਕਪੂਰਾ ਦਾ 3 ਸਾਲ ਪਹਿਲਾ ਕੰਮ ਕਰਿਆ ਸੀ ਆਹਾ ਉਸ ਦਾ ਬਦਲਾ ਲਿਆ ਹੈ।’’ ਫੇਸਬੁੱਕ ’ਤੇ ਲਿਖਿਆ ਕਿ ਇਹ ਸਾਡਾ ਅਸਲ ਅਕਾਉੂਂਟ ਹੈ ਕਿਉਂਕਿ ਬਾਕੀ ਅਕਾਉੂਂਟ ਬਲਾਕ ਕੀਤੇ ਗਏ ਹਨ। ਇਸ ਬਾਰੇ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਗੁਰਲਾਲ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਹੈ ਕਿਉਂਕਿ ਗੁਰਲਾਲ ਦੀ ਫੇਸਬੁੱਕ ’ਤੇ ਲਾਰੈਂਸ ਬਿਸ਼ਨੋਈ ਨਾਲ ਸਬੰਧਿਤ ਕਈ ਤੱਥ ਸਾਹਮਣੇ ਆਏ ਸਨ। ਇਸ ਬਾਰੇ ਪੁਲੀਸ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ। ਇਸ ਮਾਮਲੇ ਬਾਰੇ ਡੀਐੱਸਪੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਸੈਂਟ੍ਰਲ ਮਾਲ ਦੇ ਨਜ਼ਦੀਕ ਪਿਛਲੇ ਮਹੀਨੇ ਲੜਕੀਆਂ ਦੇ ਦੋ ਗੁੱਟਾਂ ਵਿੱਚ ਝਗੜਾ ਹੋ ਗਿਆ ਸੀ। ਉਸ ਸਮੇਂ ਗੁਰਲਾਲ ਕੁਝ ਲੜਕੀਆਂ ਨਾਲ ਆਇਆ ਸੀ ਅਤੇ ਇਕ ਲੜਕੀ ਦੇ ਥੱਪੜ ਵੀ ਮਾਰਿਆ ਸੀ ਜਿਸ ਤੋਂ ਬਾਅਦ ਉਹ ਫ਼ਰਾਰ ਹੋ ਗਿਆ ਸੀ। ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਐਸੱਪੀ ਕ੍ਰਾਈਮ ਵਿਨੀਤ ਕੁਮਾਰ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ 7 ਖੋਲ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਨੂੰ ਜਾਂਚ ਲਈ ਭੇਜ ਦਿੱਤਾ ਹੈ। ਪੁਲੀਸ ਨੇ ਥਾਣਾ ਇੰਡਸਟਰੀਅਲ ਏਰੀਆ ਵਿਖੇ 3 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਘਟਨਾ ਵਾਲੀ ਥਾਂ ’ਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫਟੇਜ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਸ੍ਰੀ ਵਿਨੀਤ ਕੁਮਾਰ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਜਲਦ ਹੀ ਸ਼ਨਾਖਤ ਕਰਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।