ਮੁਕੇਸ਼ ਕੁਮਾਰ
ਚੰਡੀਗੜ੍ਹ, 30 ਜੂਨ
ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਅੱਜ ਹੋਈ ਮਹੀਨਾਵਾਰ ਮੀਟਿੰਗ ਦੌਰਾਨ ਖੂਬ ਹੰਗਾਮਾ ਹੋਇਆ। ਮੀਟਿੰਗ ਸ਼ੁਰੂ ਹੁੰਦੇ ਸਾਰ ਹੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਸ਼ਹਿਰ ਵਿੱਚ ਅੱਜ ਸਵੇਰੇ ਪਏ ਮੋਹਲੇਧਾਰ ਮੀਂਹ ਕਾਰਨ ਸ਼ਹਿਰ ਵਿੱਚ ਨਹਿਰਾਂ ਦਾ ਰੂਪ ਧਾਰ ਗਈਆਂ ਸੜਕਾਂ ਅਤੇ ਹੋਰ ਇਲਾਕਿਆਂ ਵਿੱਚ ਜਮ੍ਹਾਂ ਹੋਏ ਪਾਣੀ ਨੂੰ ਲੈ ਕੇ ਨਿਗਮ ਅਧਿਕਾਰੀਆਂ ਅਤੇ ਕਾਬਜ਼ ਧਿਰ ਭਾਜਪਾ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਜਦੋਂ ਨਿਗਮ ਨੂੰ ਪਤਾ ਸੀ ਕਿ ਮੌਨਸੂਨ ਆਉਣ ਵਾਲਾ ਹੈ ਤਾਂ ਨਿਗਮ ਨੇ ਇਸ ਬਾਰੇ ਅਗੇਤੀ ਤਿਆਰੀ ਕਿਉਂ ਨਹੀਂ ਕੀਤੀ। ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਹੰਗਾਮਾ ਕਰ ਰਹੇ ਕੌਂਸਲਰਾਂ ਨੂੰ ਦੱਸਿਆ ਕਿ ਸ਼ਹਿਰ ਦੀਆਂ ਬਰਸਾਤੀ ਪਾਣੀ ਲਈ ਵਿਛਾਈਆਂ ਗਈਆਂ ਪਾਈਪ ਲਾਈਨਾਂ ਵਿੱਚ 15 ਤੋਂ 20 ਮਿਲੀਮੀਟਰ ਪ੍ਰਤੀ ਘੰਟਾ ਪਾਣੀ ਛੱਡਣ ਦੀ ਸਮਰੱਥਾ ਹੈ ਅਤੇ ਅੱਜ 80 ਮਿਲੀਮੀਟਰ ਮੀਂਹ ਪਿਆ ਹੈ, ਜਿਸ ਕਾਰਨ ਪਾਣੀ ਭਰਨ ਦੀ ਸਮੱਸਿਆ ਪੇਸ਼ ਆਈ ਹੈ। ਕਾਂਗਰਸ ਦੇ ਸਮੂਹ ਕੌਂਸਲਰਾਂ ਨੇ ਮੌਨਸੂਨ ਦੀ ਪਹਿਲੀ ਬਾਰਿਸ਼ ਵਿੱਚ ਹੀ ਸ਼ਹਿਰ ਦੀਆਂ ਸੜਕਾਂ ’ਤੇ ਨਿਕਾਸੀ ਦੇ ਮਾੜੇ ਪ੍ਰਬੰਧਾਂ ਲਈ ਨਗਰ ਨਿਗਮ ਅਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਸੰਸਦ ਮੈਂਬਰ ਕਿਰਨ ਖੇਰ ਦੇ ਅਸਤੀਫੇ ਦੀ ਮੰਗ ਕੀਤੀ। ਇਸ ਦੇ ਨਾਲ ਹੀ ਮੀਟਿੰਗ ਦੌਰਾਨ ਪੇਸ਼ ਕੀਤੇ ਗਏ ਮਤਿਆਂ ਦੀ ਪ੍ਰਵਾਨਗੀ ਤੋਂ ਬਾਅਦ ਛੇ ਟੇਬਲ ਏਜੰਡੇ ਪੇਸ਼ ਕੀਤੇ ਗਏ। ਜਦੋਂ ਇਨ੍ਹਾਂ ਮਤਿਆਂ ’ਤੇ ਚਰਚਾ ਚੱਲ ਰਹੀ ਸੀ ਤਾਂ ਧਨਾਸ ਵਿੱਚ ਬਣਾਏ ਜਾਣ ਵਾਲੇ 50 ਬਿਸਤਰਿਆਂ ਦੇ ਹਸਪਤਾਲ ਨੂੰ ਲੈ ਕੇ ਪੇਸ਼ ਮਤੇ ’ਤੇ ਚਰਚਾ ਦੌਰਾਨ ਆਦਮੀ ਪਾਰਟੀ ਅਤੇ ਭਾਜਪਾ ਕੌਂਸਲਰਾਂ ਵਿਚਾਲੇ ਬਹਿਸ ਹੋ ਗਈ। ਵਾਰਡ ਨੰਬਰ 14 ਤੋਂ ਭਾਜਪਾ ਕੌਂਸਲਰ ਕੁਲਜੀਤ ਸਿੰਘ ਸੰਧੂ ਦੇ ਵਾਰਡ ਵਿੱਚ ਇਹ ਹਸਪਤਾਲ ਬਣਾਇਆ ਜਾਣਾ ਹੈ।
ਇਸ ਪ੍ਰਸਤਾਵ ਨੂੰ ਲੈ ਕੇ ਵਾਰਡ ਨੰਬਰ 15 ਤੋਂ ‘ਆਪ’ ਕੌਂਸਲਰ ਰਾਮ ਚੰਦਰ ਯਾਦਵ ਨੇ ਇਤਰਾਜ਼ ਦਾਇਰ ਕੀਤਾ ਕਿ ਇਹ ਹਸਪਤਾਲ ਪਹਿਲਾਂ ਉਨ੍ਹਾਂ ਦੇ ਵਾਰਡ ਵਿੱਚ ਬਣਾਉਣ ਦੀ ਤਜਵੀਜ਼ ਸੀ, ਪਰ ਭਾਜਪਾ ਨੇ ਉਨ੍ਹਾਂ ਨਾਲ ਵਿਤਕਰਾ ਕਰ ਕੇ ਹੁਣ ਇਹ ਹਸਪਤਾਲ ਆਪਣੇ ਕੌਂਸਲਰ ਦੇ ਵਾਰਡ ਵਿੱਚ ਬਣਾਉਣ ਦਾ ਪ੍ਰਸਤਾਵ ਤਿਆਰ ਕਰਵਾ ਲਿਆ ਹੈ। ਉਨ੍ਹਾਂ ਸਮੇਤ ਹੋਰ ‘ਆਪ’ ਕੌਂਸਲਰਾਂ ਨੇ ਵੀ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਅਤੇ ਕਾਫੀ ਦੇਰ ਹੰਗਾਮਾ ਚੱਲਦਾ ਰਿਹਾ। ‘ਆਪ’ ਕੌਂਸਲਰ ਇਸ ਪ੍ਰਸਤਾਵ ਨੂੰ ਲੈ ਕੇ ਮੀਟਿੰਗ ਵਿੱਚ ਵੋਟਿੰਗ ਕਰਵਾਉਣ ਦੀ ਮੰਗ ਕਰਦੇ ਰਹੇ, ਪਰ ਮੇਅਰ ਸਰਬਜੀਤ ਕੌਰ ਢਿੱਲੋਂ ਨੇ ਉਨ੍ਹਾਂ ਦੀ ਇਸ ਮੰਗ ਨੂੰ ਲੈ ਕੇ ਹੁੰਗਾਰਾ ਨਹੀਂ ਭਰਿਆ। ਕਰੀਬ ਡੇਢ ਘੰਟੇ ਤੱਕ ਚੱਲੀ ਬਹਿਸ ਤੋਂ ਬਾਅਦ ਇਹ ਮਤਾ ਅਗਲੀ ਹਾਊਸ ਮੀਟਿੰਗ ਲਈ ਮੁਲਤਵੀ ਕਰ ਦਿੱਤਾ ਗਿਆ।
‘ਆਪ’ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਯੋਗੇਸ਼ ਢੀਂਗਰਾ ਨੇ ਕਿਹਾ ਕਿ ਭਾਜਪਾ ਨੇ ਅੱਜ ਸਦਨ ਵਿੱਚ ਲੋਕਤੰਤਰ ਦਾ ਖੁੱਲ੍ਹੇਆਮ ਕਤਲ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸੰਸਦ ਮੈਂਬਰ ਕਿਰਨ ਖੇਰ ਦੇ ਦਬਾਅ ਹੇਠ ਹਸਪਤਾਲ ਦਾ ਮਤਾ ਆਪਣੀ ਪਾਰਟੀ ਦੇ ਕੌਂਸਲਰ ਦੇ ਵਾਰਡ ਵਿੱਚ ਲਿਆਂਦਾ ਗਿਆ ਅਤੇ ਇਸ ਮੁੱਦੇ ’ਤੇ ਵੋਟਿੰਗ ਨਹੀਂ ਕਰਵਾਈ ਗਈ ਜਦਕਿ ‘ਆਪ’ ਦੇ ਸਾਰੇ 13 ਕੌਂਸਲਰ ਇਸ ਮੁੱਦੇ ’ਤੇ ਵੋਟ ਪਾਉਣਾ ਚਾਹੁੰਦੇ ਸਨ ਪਰ ਵੋਟ ਨਹੀਂ ਪਾਉਣ ਦਿੱਤੀ। ‘ਆਪ’ ਦੇ ਕੌਂਸਲਰ ਰਾਮਚੰਦਰ ਯਾਦਵ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਵਾਰਡ ਵਿੱਚ 50 ਹਜ਼ਾਰ ਤੋਂ ਵੱਧ ਲੋਕ ਰਹਿੰਦੇ ਹਨ ਅਤੇ ਇਹ ਸਾਰੇ ਉੱਥੇ ਇੱਕ ਡਿਸਪੈਂਸਰੀ ਵਿੱਚ ਨਹੀਂ ਦੇਖੇ ਜਾ ਸਕਦੇ ਹਨ।