ਹਰਜੀਤ ਸਿੰਘ
ਜ਼ੀਰਕਪੁਰ, 18 ਜੂਨ
ਪਲਸਰ ਮੋਟਰਸਾਈਕਲ ਸਵਾਰ ਹਦੋ ਝਪਟਮਾਰ ਸੁਰਿੰਦਰਾ ਐਨਕਲੇਵ ਵਿੱਚ ਚੰਡੀਗੜ੍ਹ ਤੋਂ ਆਪਣੀ ਰਾਤ ਦੀ ਡਿਊਟੀ ਖ਼ਤਮ ਕਰਕੇ ਘਰ ਪਰਤੀ ਔਰਤ ਦੇ ਗਲੇ ’ਚ ਚੇਨ ਝਪਟ ਕੇ ਫ਼ਰਾਰ ਹੋ ਗਏ। ਇਹ ਵਾਰਦਾਤ ਨੇੜੇ ਲਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੇ ਚਿਹਰੇ ਮਾਸਕ ਪਾਉਣ ਕਾਰਨ ਸਾਫ਼ ਨਹੀਂ ਨਜ਼ਰ ਆ ਰਹੇ। ਸੁਰਿੰਦਰਾ ਐਨਕਲੇਵ ਦੇ ਮਕਾਨ ਨੰਬਰ 1 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਹੈ ਅਤੇ ਚੰਡੀਗੜ੍ਹ ਸੈਕਟਰ 26 ਸਥਿਤ ਨਾਰੀ ਨਿਕੇਤਨ ਵਿਚ ਰਾਤ ਦੀ ਸ਼ਿਫਟ ਖਤਮ ਕਰਕੇ ਆਪਣੇ ਘਰ ਵਾਪਸ ਆਈ ਸ਼ਸ਼ੀ ਬਾਲਾ ਪਤਨੀ ਅਜੈ ਚੌਧਰੀ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੀ ਸ਼ਿਫਟ ਖੱਤਮ ਕਰਕੇ ਸਵੇਰੇ ਕਰੀਬ 7:30 ਵਜੇ ਘਰ ਵਾਪਸ ਪਹੁੰਚੀ ਸੀ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ ਨੇ ਉਸ ਦੀ ਗਲੇ ’ਚੋਂ ਢਾਈ ਤੋਲੇ ਦੀ ਸੋਨੇ ਦੀ ਚੇਨ ਝਪਟ ਲਈ ਤੇ ਫ਼ਰਾਰ ਹੋ ਗਏ। ਐੱਸਐੱਚਓ ਜ਼ੀਰਕਪੁਰ ਗੁਰਵੰਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ਼ ਚੈੱਕ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਛੇਤੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।