ਸਰਬਜੀਤ ਸਿੰਘ ਭੱਟੀ
ਲਾਲੜੂ, 3 ਨਵੰਬਰ
ਲਾਲੜੂ ਖੇਤਰ ’ਚ ਲੱਗੀਆਂ ਫੈਕਟਰੀਆਂ ਦੀਆਂ ਚਿਮਨੀਆਂ ’ਚੋਂ ਉੱਡਦੀ ਸੁਆਹ ਨੇ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਇਲਾਕੇ ਵਿਚ ਮੀਂਹ ਵਾਂਗ ਪੈ ਰਹੀ ਕਾਲੀ ਸੁਆਹ ਨੇ ਲੋਕਾਂ ਦੇ ਤਿਉਹਾਰਾਂ ਨੂੰ ਵੀ ਬੇਸੁਆਦਾ ਕਰਕੇ ਰੱਖ ਦਿੱਤਾ ਹੈ। ਇਲਾਕਾ ਵਾਸੀਆਂ ਨੇ ਕੁੱਝ ਦਿਨ ਪਹਿਲਾਂ ਇਕ ਕੰਪਨੀ ਦੇ ਖਿਲਾਫ ਰੋੋਸ ਪ੍ਰਦਰਸ਼ਨ ਕੀਤਾ ਸੀ ਤੇ ਪੰਜਾਬ ਪ੍ਰਦੁਸ਼ਣ ਕੰਟਰੋਲ ਬੋਰਡ ਤੋਂ ਕਾਰਵਾਈ ਦੀ ਮੰਗ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਕਾਂਗਰਸੀ ਆਗੂ ਕ੍ਰਿਸਨ ਕੁਮਾਰ ਗੁਪਤਾ, ਲਖਵਿੰਦਰ ਸਿੰਘ ਹੈਪੀ, ਐਡਵੋਕੇਟ ਮਨਪ੍ਰੀਤ ਸਿੰਘ ਭੱਟੀ, ਲੋਕ ਭਲਾਈ ਸੰਸਥਾ ਦੇ ਪ੍ਰਧਾਨ ਹਰਵਿੰਦਰ ਸਿੰਘ ਝਰਮੜੀ ਆਦਿ ਆਗੂਆਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਲਾਲੜੂ ਨੇੜੇ ਲੱਗੀਆਂ ਫੈਕਟਰੀਆ ’ਚੋਂ ਕਾਲੀ ਸੁਆਹ ਦਿਨ ਰਾਤ ਇਲਾਕੇ ਵਿਚ ਮੀਂਹ ਵਾਂਗ ਪੈ ਰਹੀ ਹੈ ਤੇ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ। ਇਸ ਕਾਰਨ ਲੋਕ ਖਤਰਨਾਕ ਬਿਮਾਰੀਆਂ ਜਿਵੇਂ ਸਾਹ, ਦਮਾ, ਬੁਖਾਰ, ਐਲਰਜੀ, ਕੇੈਂਸਰ ਤੇ ਟੀ.ਬੀ ਨਾਲ ਪੀੜ੍ਹਤ ਹੋ ਰਹੇ ਹਨ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਦਫਤਰ ਪਟਿਆਲਾ ਦੇ ਅਧਿਕਾਰੀਆਂ ਨੇ ਇਸ ਸਬੰਧੀ ਪੁੱਛੇ ਜਾਣ ’ਤੇ ਦੱਸਿਆ ਕਿ ਬੋਰਡ ਦੇ ਅਧਿਕਾਰੀ ਪਰਾਲੀ ਨਾ ਜਲਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਵਿੱਚ ਰੁਝੇ ਹੋਏ ਸਨ। ਛੇਤੀ ਹੀ ਫੈਕਟਰੀਆਂ ਵਲੋਂ ਫੈੇਲਾਏ ਜਾ ਰਹੇ ਪ੍ਰਦੁਸ਼ਣ ਦੀ ਜਾਂਚ ਕਰਕੇ ਕਾਨੁੂੰਨੀ ਕਾਰਵਾਈ ਕੀਤੀ ਜਾਵੇਗੀ।