ਜਗਮੋਹਨ ਸਿੰਘ
ਘਨੌਲੀ, 19 ਮਈ
ਪੁਲੀਸ ਵੱਲੋਂ ਬੀਤੇ ਦਿਨ ਪਿੰਡ ਦਬੁਰਜੀ ਵਿੱਚ ਸੀਮਿੰਟ ਫੈਕਟਰੀ ਅਤੇ ਥਰਮਲ ਪਲਾਂਟ ਦੇ ਪ੍ਰਦੂਸ਼ਣ ਖ਼ਿਲਾਫ਼ ਧਰਨਾ ਦੇ ਰਹੇ ਲੋਕਾਂ ਦੀ ਅਗਵਾਈ ਕਰਨ ਵਾਲੇ ਆਗੂ ਰਾਜਿੰਦਰ ਸਿੰਘ ਘਨੌਲਾ ਤੇ ਹੋਰ ਵਿਅਕਤੀਆਂ ਖ਼ਿਲਾਫ਼ ਸੰਗੀਨ ਧਾਰਾਵਾਂ ਅਧੀਨ ਪਰਚਾ ਦਰਜ ਕੀਤੇ ਜਾਣ ਉਪਰੰਤ ਧਰਨਾਕਾਰੀਆਂ ਦਾ ਰੋਹ ਹੋਰ ਪ੍ਰਚੰਡ ਹੋਣ ਲੱਗ ਪਿਆ ਹੈ। ਰੋਹ ਵਿੱਚ ਆਏ ਧਰਨਾਕਾਰੀਆਂ ਨੇ ਅੰਬੂਜਾ ਮਲਿਕਪੁਰ ਤੋਂ ਸੀਮਿੰਟ ਫੈਕਟਰੀ ਨੂੰ ਜਾਣ ਵਾਲੇ ਮਾਰਗ ਨੂੰ ਜਾਮ ਕਰ ਕੇ ਨਾਅਰੇਬਾਜ਼ੀ ਕੀਤੀ। ਬਾਅਦ ਦੁਪਹਿਰ ਲਗਾਏ ਧਰਨੇ ਵਿੱਚ ਖ਼ਬਰ ਲਿਖੇ ਜਾਣ ਤੱਕ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਸੀ ਅਤੇ ਅੰਬੂਜਾ ਪਲਾਟ ਨੂੰ ਜਾਣ ਵਾਲੀਆਂ ਗੱਡੀਆਂ ਦੀਆਂ ਦੂਰ ਤੱਕ ਲਾਈਨਾਂ ਲੱਗ ਚੁੱਕੀਆਂ ਸਨ।
ਧਰਨੇ ਨੂੰ ਸੰਬੋਧਨ ਕਰਦਿਆਂ ਜਗਦੀਪ ਕੌਰ ਢੱਕੀ, ਕੁਦਰਤ ਦੇ ਬੰਦੇ ਗਰੁੱਪ ਘਨੌਲੀ ਸੰਸਥਾ ਦੇ ਸੰਚਾਲਕ ਵਿੱਕੀ ਧੀਮਾਨ, ਕੁਲਦੀਪ ਸਿੰਘ ਜੇ.ਈ., ਅਮਰਜੀਤ ਕੌਰ ਸਰਪੰਚ ਨੂੰਹੋ, ਤਜਿੰਦਰ ਸਿੰਘ ਸੋਨੀ ਸਾਬਕਾ ਸਰਪੰਚ ਲੋਹਗੜ੍ਹ ਫਿੱਡੇ ਤੇ ਹਰਮੇਲ ਸਿੰਘ ਆਦਿ ਨੇ ਗ੍ਰਿਫਤਾਰ ਕੀਤੇ ਗਏ ਰਾਜਿੰਦਰ ਸਿੰਘ ਘਨੌਲਾ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਰਾਜਿੰਦਰ ਸਿੰਘ ਘਨੌਲਾ ਨੂੰ ਬੇਕਸੂਰ ਦੱਸਦਿਆਂ ਪੁਲੀਸ ਵੱਲੋਂ ਦਰਜ ਕੇਸ ਨੂੰ ਕਥਿਤ ਤੌਰ ’ਤੇ ਤੱਥਾਂ ਤੋਂ ਰਹਿਤ ਦੱਸਿਆ। ਉਨ੍ਹਾਂ ਕਿਹਾ ਕਿ ਘਨੌਲਾ ਦੇ ਮੋਬਾਈਲ ਕਾਲ ਦੀ ਡਿਟੇਲ ਤੋਂ ਚੈੱਕ ਕੀਤਾ ਜਾ ਸਕਦਾ ਹੈ ਕਿ ਉਹ ਘਟਨਾ ਸਮੇਂ ਕਿੱਥੇ ਸਨ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗ ਨਾ ਮੰਨੀ ਗਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਝਗੜੇ ਦੇ ਸਬੰਧ ਵਿੱਚ ਕਰਾਸ ਕੇਸ ਦਰਜ
ਥਾਣਾ ਸਦਰ ਰੂਪਨਗਰ ਪੁਲੀਸ ਨੇ ਲੋਹਗੜ੍ਹ ਫਿੱਡੇ ਦੇ ਪੈਟਰੋਲ ਪੰਪ ’ਤੇ ਝਗੜੇ ਦੇ ਸਬੰਧ ਵਿੱਚ ਪੈਟਰੋਲ ਪੰਪ ਮਾਲਕ ਅਤੁੱਲ ਵੋਹਰਾ ਤੇ ਉਨ੍ਹਾਂ ਦੇ ਮੁਲਾਜ਼ਮ ਪੰਮਾ ਭਰਤਗੜ੍ਹ ਵਿਰੁੱਧ ਕਰਾਸ ਪਰਚਾ ਦਰਜ ਕੀਤਾ ਹੈ। ਥਾਣਾ ਸਦਰ ਰੂਪਨਗਰ ਅਨੁਸਾਰ ਪੁਲੀਸ ਨੂੰ ਲਿਖਵਾਏ ਬਿਆਨਾਂ ਰਾਹੀਂ ਸ਼ਮਸ਼ੇਰ ਸਿੰਘ ਵਾਸੀ ਨਾਨਕਪੁਰਾ ਨੇ ਦੱਸਿਆ ਕਿ 17 ਮਈ ਦੀ ਸ਼ਾਮ ਨੂੰ ਇਕ ਵਿਵਾਦ ਦੌਰਾਨ ਅਤੁੱਲ ਵੋਹਰਾ ਤੇ ਪੰਮਾ ਭਰਤਗੜ੍ਹ ਨੇ ਤੈਸ਼ ਵਿੱਚ ਆਉਂਦੇ ਹੋਏ ਉਸ ’ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਤੇ ਨਕਦੀ ਵੀ ਖੋਹ ਲਈ ਤੇ ਹੁਣ ਉਹ ਰੂਪਨਗਰ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲੀਸ ਨੇ ਪੀੜਤ ਵਿਅਕਤੀ ਦੇ ਬਿਆਨਾਂ ’ਤੇ ਅਤੁੱਲ ਵੋਹਰਾ ਤੇ ਪੰਮਾ ਭਰਤਗੜ੍ਹ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਅਤੁੱਲ ਵੋਹਰਾ ਵੀ ਹਸਪਤਾਲ ਵਿੱਚ ਦਾਖਲ ਹੈ ਅਤੇ ਉਸ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਕੇਸ ਦਰਜ ਕਰ ਕੇ ‘ਆਪ’ ਆਗੂ ਰਾਜਿੰਦਰ ਸਿੰਘ ਘਨੌਲਾ ਨੂੰ ਜੇਲ੍ਹ ਭੇਜ ਦਿੱਤਾ ਹੈ ਅਤੇ ਸੀਸੀਟੀਵੀ ਫੁੱਟੇਜ ਦੇ ਆਧਾਰ ’ਤੇ ਹੋਰ ਮੁਲਜ਼ਮਾਂ ਦਾ ਪਤਾ ਲਗਾਇਆ ਜਾ ਰਿਹਾ ਹੈ।