ਕਰਮਜੀਤ ਸਿੰਘ ਚਿੱਲਾ
ਬਨੂੜ, 17 ਜੂਨ
ਬਨੂੜ ਖੇਤਰ ਦੇ ਪੰਜਾਹ ਪਿੰਡਾਂ ਦੇ ਚਾਲੀ ਹਜ਼ਾਰ ਏਕੜ ਨੂੰ ਘੱਗਰ ਦਰਿਆ ਵਿੱਚੋਂ ਛੱਤਬੀਛ ਕੋਲ ਬੰਨ੍ਹ ਲਗਾ ਕੇ ਖੇਤੀਬਾੜੀ ਲਈ ਸਾਰਾ ਸਾਲ ਪਾਣੀ ਮੁਹੱਈਆ ਕਰਾਉਣ ਲਈ 120 ਕਰੋੜ ਦੀ ਲਾਗਤ ਨਾਲ ਉਸਾਰੀ ਗਈ ਬਨੂੜ ਨਹਿਰ ਵਿੱਚ ਲਗਾਤਾਰ ਪਾਣੀ ਛੱਡਣ ਦੇ ਮਾਮਲੇ ਸਬੰਧੀ ਸਿੰਜਾਈ ਵਿਭਾਗ ਦਾ ਆਪਣਾ ਲਿਖਤੀ ਸਮਝੌਤਾ ਹੀ ਅੜਿੱਕਾ ਬਣ ਗਿਆ ਹੈ। ਸਿੰਜਾਈ ਵਿਭਾਗ ਇਹ ਸਮਝੌਤਾ ਘੱਗਰ ਦਰਿਆ ਵਿੱਚੋਂ ਇੰਜਣਾਂ ਰਾਹੀਂ ਪਾਣੀ ਚੁੱਕਣ ਵਾਲੇ ਬੰਨ੍ਹ ਲਗਾਉਣ ਦਾ ਵਿਰੋਧ ਕਰਨ ਵਾਲੇ ਪਿੰਡਾਂ ਦੇ ਕਿਸਾਨਾਂ ਨਾਲ 3 ਮਾਰਚ 2016 ਨੂੰ ਕੀਤਾ ਸੀ। ਉਸ ਸਮੇਂ ਦੇ ਸਿੰਜਾਈ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਦੀ ਹਾਜ਼ਰੀ ਵਿੱਚ ਹੋਏ ਇਸ ਸਮਝੌਤੇ ਉੱਤੇ ਇੰਜਣਾਂ ਨਾਲ ਪਾਣੀ ਚੁੱਕਣ ਵਾਲੇ ਕਿਸਾਨਾਂ ਦੇ ਦੋ ਦਰਜਨ ਦੇ ਕਰਬ ਪਿੰਡਾਂ ਦੇ ਪ੍ਰਤੀਨਿਧਾਂ ਅਤੇ ਵਿਭਾਗ ਦੇ ਅਧਿਕਾਰੀਆਂ ਦੇ ਮੋਹਰਾਂ ਸਮੇਤ ਹਸਤਾਖ਼ਰ ਕੀਤੇ ਹੋਏ ਹਨ। ਇਸ ਸਮਝੌਤੇ ਵਿੱਚ ਇਹ ਮੱਦਾਂ ਸਪੱਸ਼ਟ ਤੌਰ ਉੱਤੇ ਦਰਜ ਕੀਤੀਆਂ ਗਈਆਂ ਹਨ ਕਿ ਬਨੂੜ ਨਹਿਰ ਵਿੱਚ ਹਰੇਕ ਮਹੀਨੇ ਦੀ ਪਹਿਲੀ ਤੋਂ ਦਸ ਤਾਰੀਕ ਤੱਕ ਹੀ ਪਾਣੀ ਛੱਡਿਆ ਜਾਵੇਗਾ। ਗਿਆਰਾਂ ਤਾਰੀਕ ਤੋਂ ਮਹੀਨੇ ਦੀ ਆਖੀਰਲੀ ਤਾਰੀਕ ਤੱਕ ਸਾਰਾ ਪਾਣੀ ਘੱਗਰ ਦਰਿਆ ਵਿੱਚ ਜਾਵੇਗਾ ਤੇ ਨਹਿਰ ਵਿਚ ਕੋਈ ਪਾਣੀ ਨਹੀਂ ਛੱਡਿਆ ਜਾਵੇਗਾ। ਸਮਝੌਤੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਪਹਿਲੇ ਦਸ ਦਿਨਾਂ ਦੌਰਾਨ ਵੀ ਨਹਿਰ ਦੇ ਨਾਲ ਨਾਲ ਘੱਗਰ ਵਿੱਚ ਸੌ ਕਿਊਸਿਕ ਪਾਣੀ ਛੱਡਣਾ ਯਕੀਨੀ ਬਣਾਇਆ ਜਾਵੇਗਾ। ਸਿੰਜਾਈ ਵਿਭਾਗ ਵੱਲੋਂ ਬਨੂੜ ਨਹਿਰ ਵਿੱਚ 13 ਜੂਨ ਤੋਂ ਸਿਰਫ਼ ਤੀਹ ਕਿਊਸਿਕ ਪਾਣੀ ਛੱਡਿਆ ਗਿਆ ਸੀ। ਘੱਗਰ ਦਰਿਆ ਵਿੱਚੋਂ ਇੰਜਣਾਂ ਨਾਲ ਪਾਣੀ ਚੁੱਕਣ ਵਾਲੇ ਕਿਸਾਨਾਂ ਦੇ ਨੁਮਾਇੰਦਿਆਂ ਨੇ ਮੰਗਲਵਾਰ ਨੂੰ ਸਮਝੌਤੇ ਅਨੁਸਾਰ ਬਨੂੜ ਨਹਿਰ ਦਾ ਪਾਣੀ ਬੰਦ ਕਰਾ ਦਿੱਤਾ ਸੀ। ਇੰਜਣਾਂ ਵਾਲਿਆਂ ਦੇ ਨੁਮਾਇੰਦੇ ਜਸਪਾਲ ਸਿੰਘ ਬਾਸਮਾਂ ਨੇ ਕਿਹਾ ਕਿ ਘੱਗਰ ਵਿੱਚ ਨਹਿਰ ਲਈ ਪਾਣੀ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਸਮਝੌਤੇ ਅਨੁਸਾਰ ਪਾਣੀ ਹਾਸਲ ਕਰਨਗੇ। ਬਨੂੜ ਨਹਿਰ ਚਲਾਓ ਸੰਘਰਸ਼ ਕਮੇਟੀ ਦੇ ਆਗੂ ਗੁਰਦਰਸ਼ਨ ਸਿੰਘ ਖਾਸਪੁਰ ਨੇ ਬਨੂੜ ਨਹਿਰ ਵਿੱਚੋਂ ਪਾਣੀ ਬੰਦ ਕਰਾਏ ਜਾਣ ਨੂੰ ਮੰਦਭਾਗਾ ਆਖਿਆ।
ਮਾਮਲੇ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਾਇਆ: ਐਕਸੀਅਨ
ਬਨੂੜ ਨਹਿਰ ਦੇ ਐਕਸੀਅਨ ਚੰਦਰ ਮੋਹਨ ਸ਼ਰਮਾ ਨੇ ਆਖਿਆ ਕਿ ਉਨ੍ਹਾਂ ਇਸ ਮਾਮਲੇ ਸਬੰਧੀ ਵਿਭਾਗ ਦੇ ਚੀਫ਼ ਇੰਜਨੀਅਰ ਨੂੰ ਮਿਲਕੇ ਸਾਰੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇੰਜਣਾਂ ਨਾਲ ਪਾਣੀ ਚੁੱਕਣ ਵਾਲੇ ਕਿਸਾਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਸਾਂਝਾ ਹੱਲ ਕੱਢਕੇ ਬਨੂੜ ਨਹਿਰ ਵਿੱਚ ਪਾਣੀ ਛੱਡ ਦਿੱਤਾ ਜਾਵੇਗਾ।