ਪੱਤਰ ਪ੍ਰੇਰਕ
ਰੂਪਨਗਰ, 30 ਮਈ
ਇੱਥੋਂ ਨੇੜਲੇ ਪਿੰਡ ਕੋਟਲਾ ਨਿਹੰਗ ਵਿੱਚ ਸਥਿਤ ਸੇਂਟ ਜੇਵੀਅਰ ਸਕੂਲ ਦੇ ਪ੍ਰਬੰਧਕ ਕਸੂਤੀ ਸਥਿਤੀ ਵਿੱਚ ਫਸ ਗਏ ਹਨ। ਕੁੱਝ ਦਿਨ ਪਹਿਲਾਂ ਇਸ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵੱਲੋਂ ਡੀਸੀ ਰੂਪਨਗਰ ਨੂੰ ਮੰਗ ਪੱਤਰ ਦੇ ਕੇ ਸਕੂਲ ਦੀਆਂ ਫੀਸਾਂ ਵਿੱਚ ਵਾਧਾ ਨਾ ਕੀਤੇ ਜਾਣ ਦੀ ਅਪੀਲ ਕੀਤੀ ਗਈ ਸੀ, ਪਰ ਅੱਜ ਸਕੂਲ ਦੇ ਅਧਿਆਪਕਾਂ ਨੇ ਵੀ ਡੀਸੀ ਨੂੰ ਮੰਗ ਪੱਤਰ ਸੌਂਪਦਿਆਂ ਹੋਇਆਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਕਰਨ ਦੇ ਸਕੂਲ ਪ੍ਰਬੰਧਕਾਂ ਵੱਲੋਂ ਕੀਤੇ ਫ਼ੈਸਲੇ ਨੂੰ ਰੱਦ ਨਾ ਕੀਤਾ ਜਾਵੇ। ਫ਼ੈਸਲਾ ਬਦਲੇ ਜਾਣ ਦੀ ਸੂਰਤ ਵਿੱਚ ਅਧਿਆਪਕਾਂ ਨੇ ਭੁੱਖ ਹੜਤਾਲ ’ਤੇ ਜਾਣ ਦੀ ਧਮਕੀ ਦਿੱਤੀ ਹੈ।
ਅੱਜ ਡੀਸੀ ਰੂਪਨਗਰ ਦੇ ਦਫ਼ਤਰ ਅੱਗੇ ਮੀਡੀਆ ਨਾਲ ਗੱਲਬਾਤ ਦੌਰਾਨ ਸਕੂਲ ਅਧਿਆਪਕਾਂ ਰਮਨਪ੍ਰੀਤ ਕੌਰ, ਪ੍ਰਭਜੋਤ ਕੌਰ, ਜੋਤੀ ਜੱਗੀ, ਨੇਹਾ ਗਰਚਾ, ਸੀਮਾ ਸੈਣੀ, ਰੀਨਾ ਰਾਣੀ, ਨਿਸ਼ਾ ਰਾਣੀ, ਅਵਿਨਾਸ਼ ਕੁਮਾਰ ਆਦਿ ਨੇ ਦੱਸਿਆ ਕਿ ਉੱਚ ਸਿੱਖਿਅਤ ਅਧਿਆਪਕ ਸਿਰਫ਼ 10,000 ਤੋਂ 15,000 ਰੁਪਏ ਪ੍ਰਤੀ ਮਹੀਨਾ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ। ਕਰੋਨਾ ਕਰ ਕੇ ਸੈਸ਼ਨ 2020-21 ਵਿੱਚ ਉਨ੍ਹਾਂ ਦੀ ਤਨਖ਼ਾਹ ’ਚ ਕੋਈ ਵਾਧਾ ਨਹੀਂ ਕੀਤਾ ਗਿਆ। ਸਾਲ 2021-22 ਵਿੱਚ ਸਿਰਫ਼ 500-600 ਰੁਪਏ ਵਾਧਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਸਕੂਲ ਮੈਨੇਜਮੈਂਟ ਵੱਲੋਂ ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਲਗਭਗ 2500 ਰੁਪਏ ਪ੍ਰਤੀ ਮਹੀਨਾ ਦੀ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵੱਲੋਂ ਫਰਵਰੀ 2022 ਵਿੱਚ ਸਕੂਲ ਅਧਿਆਪਕਾਂ ਦੇ ਪ੍ਰਤੀਨਿਧੀਆਂ, ਮਾਪਿਆਂ ਦੇ ਪ੍ਰਤੀਨਿਧੀਆਂ ਅਤੇ ਸਕੂਲ ਦੇ ਕਾਨੂੰਨੀ ਸਲਾਹਕਾਰਾਂ ਦੀ ਹਾਜ਼ਰੀ ਵਿੱਚ ਸਾਂਝੀ ਰਾਇ ਬਣਨ ਉਪਰੰਤ ਬੱਚਿਆਂ ਦੀਆਂ ਫੀਸਾਂ ਵਿੱਚ ਸਿਰਫ਼ 170 ਰੁਪਏ ਤੋਂ ਲੈ ਕੇ 180 ਰੁਪਏ ਪ੍ਰਤੀ ਮਹੀਨਾ ਹੀ ਵਾਧਾ ਕੀਤਾ ਸੀ, ਪਰ ਹੁਣ ਕੁਝ ਵਿਅਕਤੀਆਂ ਵੱਲੋਂ ਫੀਸਾਂ ਵਿੱਚ ਵਾਧੇ ਦਾ ਵਿਰੋਧ ਕਰਦੇ ਹੋਏ ਡਿਪਟੀ ਕਮਿਸ਼ਨਰ ਦਫਤਰ ਰੂਪਨਗਰ ਵਿੱਚ ਦਰਖ਼ਾਸਤ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਤਨਖ਼ਾਹਾਂ ਵਿੱਚ ਵਾਧੇ ’ਤੇ ਕੱਟ ਨਾ ਲਾਇਆ ਜਾਵੇ।