ਪੱਤਰ ਪ੍ਰੇਰਕ
ਪੰਚਕੂਲਾ, 11 ਸਤੰਬਰ
ਪੰਚਕੂਲਾ ਜ਼ਿਲ੍ਹੇ ਦੇ ਪਿੰਜੌਰ ਅਤੇ ਕਾਲਕਾ ਇਲਾਕੇ ਵਿੱਚ ਬੁਖਾਰ ਕਾਰਨ ਹੁਣ ਤੱਕ ਦਰਜਨ ਤੋਂ ਵੱਧ ਮੌਤਾਂ ਤੋਂ ਬਾਅਦ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਨੀਂਦ ਖੁੱਲ੍ਹੀ ਹੈ। ਇਸ ਇਲਾਕੇ ਵਿੱਚ ਦਿਨੋਂ-ਦਿਨ ਹੋ ਰਹੀਆਂ ਮੌਤਾਂ ਤੋਂ ਬਾਅਦ ਹਰਿਆਣਾ ਸਰਕਾਰ ਨੇ ਵੀ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿੱਚ ਸਿਹਤ ਵਿਭਾਗ ਦੀ ਡਾਇਰੈਕਟਰ ਜਨਰਲ ਡਾ. ਬੀਨਾ ਸਿੰਘ ਤੇ ਡਿਪਟੀ ਕਮਿਸ਼ਨਰ ਮਹਾਂਵੀਰ ਕੌਸ਼ਿਕ ਨੇ ਵੀ ਮੀਟਿੰਗ ਸੱਦੀ ਅਤੇ ਡੇਂਗੂ ਦੀ ਰੋਕਥਾਮ ਤੇਜ਼ੀ ਨਾਲ ਕੰਮ ਸ਼ੁਰੂ ਕਰਨ ਲਈ ਕਿਹਾ।
ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕਾਲਕਾ-ਪਿੰਜੌਰ ਦੇ ਹਰ ਘਰ ਵਿੱਚ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਓ ਕੀਤਾ ਜਾ ਰਿਹਾ ਹੈ। ਕਾਲਕਾ ਦੀ ਨਗਰ ਪ੍ਰੀਸ਼ਦ ਦੇ ਕੌਂਸਲਰ ਲੋਕਾਂ ਦੇ ਘਰੋਂ-ਘਰੀਂ ਜਾ ਕੇ ਜਾਗਰੂਕ ਕਰ ਰਹੇ ਹਨ। ਦੂਜੇ ਪਾਸੇ, ਕਾਲਕਾ ਦੇ ਕਾਂਗਰਸੀ ਵਿਧਾਇਕ ਪ੍ਰਦੀਪ ਚੌਧਰੀ ਨੇ ਦੱਸਿਆ ਕਿ ਕਾਲਕਾ ਦੇ ਸਰਕਾਰੀ ਹਸਪਤਾਲ ਵਿੱਚ ਬੇਹੱਦ ਮਾੜੇ ਪ੍ਰਬੰਧ ਹਨ। ਇੱਕ ਬੈੱਡ ਉੱਤੇ ਦੋ-ਦੋ ਮਰੀਜ਼ ਪਏ ਹਨ।