ਪੱਤਰ ਪ੍ਰੇਰਕ
ਕੁਰਾਲੀ, 15 ਨਵੰਬਰ
ਆਤਿਸ਼ਬਾਜ਼ੀ ਦੇ ਵਪਾਰ ਸਬੰਧੀ ਅਦਾਲਤ ਅਤੇ ਸਰਕਾਰ ਵਲੋਂ ਜਾਰੀ ਹਦਾਇਤਾਂ ਸ਼ਹਿਰ ਵਿੱਚ ਇੱਕ ਵਾਰ ਫਿਰ ਬੇਅਸਰ ਸਾਬਤ ਹੋਈਆਂ। ਕੁਝ ਕੁ ਸਖ਼ਤੀ ਤੋਂ ਬਾਅਦ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਆਤਿਸ਼ਬਾਜ਼ੀ ਵੇਚਣ ਅਤੇ ਚਲਾਉਣ ਵਾਲਿਆਂ ਅੱਗੇ ਗੋਡੇ ਟੇਕ ਦਿੱਤੇ। ਪਿਛਲੇ ਸਾਲ ਬਟਾਲਾ ਦੀ ਪਟਾਕਾ ਫੈਕਟਰੀ ਕਾਂਡ ਤੋਂ ਬਾਅਦ ਸਰਕਾਰ ਨੇ ਆਤਿਸ਼ਬਾਜ਼ੀ ਦੇ ਭੰਡਾਰਨ, ਵਿਕਰੀ ਅਤੇ ਚਲਾਉਣ ਸਬੰਧੀ ਜਾਰੀ ਹਦਾਇਤਾਂ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਇਸ ਦੇ ਬਾਵਜੂਦ ਸ਼ਹਿਰ ਵਿੱਚ ਆਤਿਸ਼ਬਾਜ਼ੀ ਦਾ ਅਣਅਧਿਕਾਰਤ ਵਪਾਰ ਵਧਦਾ ਫੁੱਲਦਾ ਜਾ ਰਿਹਾ ਹੈ। ਇਸ ਵਾਰ ਪ੍ਰਸ਼ਾਸਨ ਦੀ ਸਖ਼ਤੀ ਦੇ ਡਰ ਤੋਂ ਭਾਵੇਂ ਸਟਾਲਾਂ ਲਗਾਉਣ ਵਾਲੇ ਕੁਝ ਦਿਨਾਂ ਤੱਕ ਘਬਰਾਏ ਰਹੇ ਪਰ ਆਖਰੀ ਦਿਨਾਂ ਵਿੱਚ ਪ੍ਰਸ਼ਾਸਨ ਵਲੋਂ ਅੱਖਾਂ ਬੰਦ ਕੀਤੇ ਜਾਣ ਕਾਰਨ ਸ਼ਹਿਰ ਵਿੱਚ ਸੈਂਕੜੇ ਦੁਕਾਨਾਂ ’ਤੇ ਆਤਿਸ਼ਬਾਜ਼ੀ ਦਾ ਵਪਾਰ ਸ਼ਰ੍ਹੇਆਮ ਚੱਲਿਆ। ਸ਼ਹਿਰ ਦੀ ਬਡਾਲੀ ਰੋਡ ਅਤੇ ਮੋਰਿੰਡਾ ਰੋਡ ’ਤੇ ਆਤਿਸ਼ਬਾਜ਼ੀ ਦੇ ਵਪਾਰ ਲਈ ਭਾਵੇਂ 8 ਕੁ ਵਪਾਰੀਆਂ ਕੋਲ ਹੀ ਥੋਕ ਦੇ ਲਾਇਸੈਂਸ ਸਨ ਪਰ ਪ੍ਰਸ਼ਾਸਨ ਵਲੋਂ ਦਿੱਤੀ ਢਿੱਲ ਕਾਰਨ ਦੋਵੇਂ ਸੜਕਾਂ ’ਤੇ ਸੈਂਕੜੇ ਦੁਕਾਨਾਂ ਦਿਨ ਰਾਤ ਖੁੱਲ੍ਹ ਗਈਆਂ। ਆਤਿਸ਼ਬਾਜ਼ੀ ਦਾ ਅਣਅਧਿਕਾਰਤ ਕਾਰੋਬਾਰ ਇਸ ਵਾਰ ਬੰਨ੍ਹਮਾਜਰਾ ਬਾਈਪਾਸ ਤੱਕ ਵੀ ਫੈਲ ਗਿਆ।
ਪਟਾਕੇ ਚਲਾਉਣ ਦੇ ਦੋਸ਼ ਹੇਠ ਅੱਠ ਖ਼ਿਲਾਫ਼ ਕੇਸ
ਜ਼ੀਰਕਪੁਰ/ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਕਰੋਨਾ ਕਾਰਨ ਸਬ-ਡਿਵੀਜ਼ਨ ਡੇਰਾਬੱਸੀ ਵਿੱਚ ਡਿਪਟੀ ਕਮਿਸ਼ਨਰ ਮੁਹਾਲੀ ਵੱਲੋਂ ਸਿਰਫ਼ ਅੱਠ ਤੋਂ ਦਸ ਦੋ ਘੰਟੇ ਪਟਾਕੇ ਚਲਾਉਣ ਲਈ ਛੋਟ ਦਿੱਤੀ ਗਈ ਸੀ ਪਰ ਇਸਦੇ ਬਾਵਜੂਦ ਡੇਰਾਬੱਸੀ ਅਤੇ ਜ਼ੀਰਕਪੁਰ ਵਿੱਚ ਖੁੱਲ੍ਹੇਆਮ ਲੋਕਾਂ ਵੱਲੋਂ ਇਸ ਦੀ ਅਣਦੇਖੀ ਕੀਤੀ ਗਈ। ਜ਼ੀਰਕਪੁਰ ਪੁਲੀਸ ਨੇ ਨਿਯਮਾਂ ਦੀ ਅਣਦੇਖੀ ਕਰ ਤੈਅ ਸਮੇਂ ਤੋਂ ਬਾਅਦ ਪਟਾਕੇ ਵਜਾਉਣ ਦੇ ਦੋਸ਼ ਹੇਠ ਅੱਠ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਤੋਂ ਇਲਾਵਾ ਡੇਰਾਬੱਸੀ ਖੇਤਰ ਵਿੱਚ ਪਟਾਕਿਆਂ ਨਾਲ ਚਾਰ ਜਣਿਆਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ। ਜ਼ੀਰਕਪੁਰ ਖੇਤਰ ਵਿੱਚ ਲੰਘੀ ਰਾਤ ਦਸ ਥਾਵਾਂ ’ਤੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ’ਚ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।