ਕੁਲਦੀਪ ਸਿੰਘ
ਚੰਡੀਗੜ੍ਹ, 15 ਜੁਲਾਈ
ਇੱਥੋਂ ਦੇ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਸੀਵਰਮੈਨਾਂ ਨੂੰ ਨੌਕਰੀ ਤੋਂ ਕੱਢੇ ਜਾਣ ਖ਼ਿਲਾਫ਼ ਮੁਲਾਜ਼ਮਾਂ ਵੱਲੋਂ ਯੂਟੀ ਚੰਡੀਗੜ੍ਹ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਅਗਵਾਈ ਹੇਠ ਦਿੱਤੇ ਜਾਣ ਵਾਲੇ ਧਰਨੇ ਤੋਂ ਪਹਿਲਾਂ ਹੀ ਸੀਵਰਮੈਨਾਂ ਨੂੰ ਨੌਕਰੀ ’ਤੇ ਬਹਾਲ ਕਰ ਦਿੱਤਾ ਗਿਆ। ਜਨ ਸਿਹਤ (ਇੰਜਨੀਅਰਿੰਗ ਵਿਭਾਗ) ਵੱਲੋਂ ਠੇਕੇਦਾਰ ਨੂੰ ਜਾਰੀ ਕੀਤੇ ਗਏ ਹੁਕਮਾਂ ਤੋਂ ਫੈਡਰੇਸ਼ਨ ਦੇ ਪ੍ਰਧਾਨ ਰੰਜੀਤ ਮਿਸ਼ਰਾ ਅਤੇ ਜਨਰਲ ਸਕੱਤਰ ਸੁਖਬੀਰ ਸਿੰਘ ਨੇ ਦੱਸਿਆ ਕਿ ਜੀਐੱਮਸੀਐੱਚ-32 ਵਿੱਚ 10-15 ਸਾਲ ਪੁਰਾਣੇ ਸੀਵਰਮੈਨ ਵਰਕਰਾਂ ਨੂੰ ਪ੍ਰਾਈਵੇਟ ਠੇਕੇਦਾਰ ਕੰਪਨੀ ਵੱਲੋਂ ਇਸ ਕਰ ਕੇ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਠੇਕੇਦਾਰ ਨੂੰ 25 ਹਜ਼ਾਰ ਰੁਪਏ ਨਹੀਂ ਦੇ ਰਹੇ ਸਨ। ਠੇਕੇਦਾਰ ਨੇ ਇਨ੍ਹਾਂ ਸੀਵਰਮੈਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਅਤੇ ਉਨ੍ਹਾਂ ਦੀ ਜਗ੍ਹਾ ਦੂਸਰੇ ਹੋਰ ਵਰਕਰ ਡਿਊਟੀ ਉੱਤੇ ਭੇਜ ਦਿੱਤੇ ਸਨ। ਨੌਕਰੀ ਤੋਂ ਕੱਢੇ ਗਏ ਇਨ੍ਹਾਂ ਸੀਵਰਮੈਨਾਂ ਨੇ ਯੂ.ਟੀ. ਚੰਡੀਗੜ੍ਹ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਲੀਡਰਸ਼ਿਪ ਨਾਲ ਸੰਪਰਕ ਕੀਤਾ ਗਿਆ।
ਫੈਡਰੇਸ਼ਨ ਨੇ ਠੇਕੇਦਾਰ ਦੀਆਂ ਧੱਕੇਸ਼ਾਹੀਆਂ ਦਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਅਤੇ ਠੇਕੇਦਾਰ ਦਾ ਵਿਰੋਧ ਕਰਨ ਲਈ ਅੱਜ 15 ਜੁਲਾਈ ਨੂੰ ਧਰਨੇ ਦਾ ਪ੍ਰੋਗਰਾਮ ਉਲੀਕ ਦਿੱਤਾ ਸੀ। ਧਰਨਾ ਦੇਣ ਲਈ ਵੱਡੀ ਗਿਣਤੀ ਵਿੱਚ ਵਰਕਰ ਆਪਣੇ ਕੰਮ ਛੱਡ ਕੇ ਬਾਹਰ ਆ ਗਏ। ਜਿਵੇਂ ਹੀ ਵਰਕਰ ਇਕੱਠੇ ਹੋਣ ਲੱਗੇ ਤਾਂ ਫੈਡਰੇਸ਼ਨ ਦੇ ਅਹੁਦੇਦਾਰਾਂ ਨੂੰ ਵਿਭਾਗ ਦੇ ਅਧਿਕਾਰੀਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ, ਜਿਨ੍ਹਾਂ ਨੇ ਦੱਸਿਆ ਕਿ ਕੱਢੇ ਹੋਏ ਵਰਕਰਾਂ ਨੂੰ ਮੁੜ ਕੰਮ ਉੱਤੇ ਰੱਖਣ ਲਈ ਸਬੰਧਤ ਠੇਕੇਦਾਰ ਦੀ ਕੰਪਨੀ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਕੋਈ ਵੀ ਪੁਰਾਣਾ ਵਰਕਰ ਨੌਕਰੀ ਤੋਂ ਨਹੀਂ ਕੱਢਿਆ ਜਾਵੇਗਾ ਅਤੇ ਨਾ ਹੀ ਕਿਸੇ ਵਰਕਰ ਤੋਂ ਨਾਜਾਇਜ਼ ਵਸੂਲੀ ਕੀਤੀ ਜਾਵੇਗੀ। ਕੱਢੇ ਗਏ ਵਰਕਰਾਂ ਨੂੰ ਨਾਲੋ ਨਾਲ ਕੰਮ ਉੱਤੇ ਬਹਾਲ ਕਰ ਦਿੱਤਾ ਗਿਆ। ਉਪਰੰਤ ਫੈਡਰੇਸ਼ਨ ਦੇ ਆਗੂਆਂ ਨੇ ਨਾਅਰੇਬਾਜ਼ੀ ਕਰਦਿਆਂ ਧਰਨਾ ਖ਼ਤਮ ਕਰ ਦਿੱਤਾ।