ਹਰਜੀਤ ਸਿੰਘ
ਜ਼ੀਰਕਪੁਰ, 8 ਜੂਨ
ਇੱਥੋਂ ਦੇ ਬਲਟਾਣਾ ਦੇ ਹਰਮਿਲਾਪ ਨਗਰ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਸਬੰਧੀ ਸ਼ਿਕਾਇਤ ਮਿਲਣ ’ਤੇ ਅੱਜ ਵਧੀਕ ਡਿਪਟੀ ਕਮਿਸ਼ਨਰ ਮੁਹਾਲੀ ਪੂਜਾ ਐੱਸ ਗਰੇਵਾਲ ਵੱਲੋਂ ਮੌਕੇ ਦਾ ਦੌਰਾ ਕਰਦਿਆਂ ਆਪਣੀ ਹਾਜ਼ਰੀ ਵਿੱਚ ਪਾਣੀ ਦੇ ਸੈਂਪਲ ਭਰਵਾਏ ਗਏ। ਏਡੀਸੀ ਪੂਜਾ ਐੱਸ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਉਕਤ ਕਲੋਨੀ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ ਤੇ ਇਸ ਸਬੰਧੀ ਸ਼ਿਕਾਇਤ ਕਰਨ ਦੇ ਬਾਵਜੂਦ ਸਬੰਧਤ ਅਧਿਕਾਰੀ ਕੋਈ ਹੱਲ ਨਹੀਂ ਕਰ ਰਹੇ ਹਨ। ਸ਼ਿਕਾਇਤ ਦੇ ਆਧਾਰ ’ਤੇ ਉਨ੍ਹਾਂ ਵੱਲੋਂ ਅੱਜ ਮੌਕੇ ਦਾ ਦੌਰਾ ਕਰ ਕੇ ਕਲੋਨੀ ਵਿੱਚ ਆਪਣੀ ਹਾਜ਼ਰੀ ਵਿੱਚ ਪਾਣੀ ਦੇ ਸੈਂਪਲ ਭਰਵਾਏ ਗਏ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਾਣੀ ਦੀ ਰਿਪੋਰਟ ਛੇਤੀ ਉਨ੍ਹਾਂ ਨੂੰ ਭੇਜਣ ਤਾਂ ਜੋ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਮੌਕੇ ਕਲੋਨੀ ਵਾਸੀਆਂ ਨੇ ਦੱਸਿਆ ਕਿ ਲੰਘੇ ਕਈ ਦਿਨਾਂ ਤੋਂ ਉਨ੍ਹਾਂ ਦੀ ਕਲੋਨੀ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ। ਕਲੋਨੀ ਵਿੱਚ ਪਾਣੀ ਦੀ ਕਿੱਲਤ ਪੈਦਾ ਹੋਣ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਸਬੰਧੀ ਲੋਕਾਂ ਵੱਲੋਂ ਇਸਦੀ ਸ਼ਿਕਾਇਤ ਸਬੰਧਤ ਅਧਿਕਾਰੀਆਂ ਨੂੰ ਵੀ ਕੀਤੀ ਗਈ ਸੀ ਪਰ ਸਮੱਸਿਆ ਦਾ ਹੱਲ ਨਾ ਹੁੰਦੇ ਦੇਖ ਉਨ੍ਹਾਂ ਇਸਦੀ ਸ਼ਿਕਾਇਤ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਪੂਜਾ ਐੱਸ ਗਰੇਵਾਲ ਨੂੰ ਦਿੱਤੀ ਗਈ। ਉਨ੍ਹਾਂ ਵੱਲੋਂ ਇਸ ’ਤੇ ਤੁਰੰਤ ਐਕਸ਼ਨ ਲੈਂਦਿਆਂ ਅੱਜ ਮੌਕੇ ਦਾ ਦੌਰਾ ਕਰ ਕੇ ਸੈਂਪਲ ਇਕੱਤਰ ਕੀਤੇ।