ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 22 ਜੂਨ
ਇੱਥੋਂ ਦੀ ਪਟਿਆਲਾ ਰੋਡ ’ਤੇ ਸਥਿਤ ਸਵਾਸਤਿਕ ਵਿਹਾਰ ਸੁਸਾਇਟੀ ਵਿਚ 24 ਸਾਲਾ ਮੁਟਿਆਰ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਪੂਨਮ ਵਾਸੀ ਹਿਮਾਚਲ ਦੇ ਰੂਪ ਵਿੱਚ ਹੋਈ ਹੈ, ਜੋ ਕਲੋਨੀ ਦੇ ਮਕਾਨ ਨੰਬਰ 725 ਵਿੱਚ ਕਿਰਾਏ ’ਤੇ ਰਹਿ ਰਹੀ ਸੀ। ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਮ੍ਰਿਤਕਾ ਦੀ ਲਾਸ਼ ਪੱਖੇ ਨਾਲ ਲਟਕ ਰਹੀ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਮ੍ਰਿਤਕਾ ਕਿਸੇ ਪਾਰਲਰ ਵਿੱਚ ਕੰਮ ਕਰਦੀ ਸੀ। ਉਹ ਘਰ ਤੋਂ ਕੱਲ੍ਹ ਦੀ ਬਾਹਰ ਨਹੀਂ ਸੀ ਨਿਕਲੀ, ਜਿਸ ਮਗਰੋਂ ਗੁਆਂਢੀਆਂ ਨੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਜਦੋਂ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਡੇਰਾਬੱਸੀ ਵਿੱਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।