ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 3 ਦਸੰਬਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਅੱਜ ਬਾਰਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ ਕਰਵਾਈ ਗਈ। ਪੁਖਤਾ ਪ੍ਰਬੰਧ ਦੀ ਘਾਟ ਕਾਰਨ ਇਹ ਪ੍ਰੀਖਿਆ ਕਈ ਸਕੂਲਾਂ ਵਿੱਚ ਲੇਟ ਸ਼ੁਰੂ ਹੋਈ। ਸਮੇਂ ਸਿਰ ਵਿਦਿਆਰਥੀਆਂ ਦੇ ਬਾਹਰ ਨਾ ਆਉਣ ਕਾਰਨ ਮਾਪਿਆਂ ਦੀਆਂ ਗੱਡੀਆਂ ਖੜ੍ਹੀਆਂ ਰਹੀਆਂ ਤੇ ਸਕੂਲਾਂ ਦੇ ਬਾਹਰ ਜਾਮ ਲੱਗ ਗਿਆ।
ਕਰੋਨਾ ਦੇ ਵਧਦੇ ਕਹਿਰ ਕਾਰਨ ਸੁਪਰੀਮ ਕੋਰਟ ਨੇ ਇਕ ਕਮਰੇ ਵਿੱਚ 12 ਵਿਦਿਆਰਥੀ ਬਿਠਾਉਣ ਦੀਆਂ ਹਦਾਇਤਾਂ ਕੀਤੀਆਂ ਸਨ ਪਰ ਚੰਡੀਗੜ੍ਹ ਦੇ 20 ਫੀਸਦੀ ਸਕੂਲਾਂ ਵਿੱਚ ਤੈਅ ਸੀਮਾ ਤੋਂ ਵੱਧ ਬੱਚੇ ਬਿਠਾਏ ਗਏ। ਅੱਜ ਅੰਗਰੇਜ਼ੀ ਦੀ ਪ੍ਰੀਖਿਆ ਜ਼ਰੂਰੀ ਹੋਣ ਕਾਰਨ ਸਾਰੇ ਵਿਦਿਆਰਥੀਆਂ ਨੇ ਦਿੱਤੀ ਜਿਸ ਕਾਰਨ ਕਈ ਸਕੂਲਾਂ ਵਿੱਚ ਕਮਰੇ ਹੀ ਘੱਟ ਪੈ ਗਏ ਪਰ ਸਕੂਲ ਮੁਖੀਆਂ ਨੇ ਬੱਚਿਆਂ ਨੂੰ ਪ੍ਰਯੋਗਸ਼ਾਲਾਵਾਂ ਤੇ ਸਟੋਰਾਂ ਵਿੱਚ ਰੌਸ਼ਨੀ ਦੇ ਇੰਤਜ਼ਾਮ ਕਰ ਕੇ ਪ੍ਰੀਖਿਆ ਦਿਵਾਈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਕਈ ਵੱਡੇ ਸਰਕਾਰੀ ਸਕੂਲਾਂ ਵਿੱਚ 500-600 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਅੱਜ ਅੰਗਰੇਜ਼ੀ ਵਿਸ਼ੇ ਦਾ ਪ੍ਰਸ਼ਨ ਪੱਤਰ 15 ਪੇਜਾਂ ਦਾ ਆਇਆ। ਇਨ੍ਹਾਂ ਸਕੂਲਾਂ ਨੂੰ 15 ਪੇਜਾਂ ਦਾ ਪ੍ਰਿੰਟ ਲੈਣ ਲਈ 7500 ਪ੍ਰਿੰਟ ਲੈਣੇ ਪਏ। ਦੱਖਣੀ ਹਿੱਸੇ ਦੇ ਇਕ ਸਕੂਲ ਵਿੱਚ ਤਾਂ ਪ੍ਰਿੰਟਰ ਕਈ ਵਾਰ ਜਾਮ ਹੋਇਆ ਜਿਸ ਕਾਰਨ ਵਿਦਿਆਰਥੀਆਂ ਦੀ ਪ੍ਰੀਖਿਆ 20 ਮਿੰਟ ਲੇਟ ਸ਼ੁਰੂ ਹੋਈ।
ਇਸ ਸਕੂਲ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਪ੍ਰਸ਼ਨ ਪੱਤਰ ਦੀ ਕਾਪੀ ਨਾ ਮਿਲਣ ਕਾਰਨ ਸਾਰੇ ਵਿਦਿਆਰਥੀਆਂ ਨੂੰ ਵਾਧੂ ਸਮਾਂ ਦਿੱਤਾ ਗਿਆ। ਭਵਨ ਵਿਦਿਆਲਿਆ ਸਕੂਲ ਸੈਕਟਰ-27 ਵਿੱਚ ਵੀ ਪ੍ਰੀਖਿਆ 25 ਮਿੰਟ ਲੇਟ ਸ਼ੁਰੂ ਹੋਈ ਕਿਉਂਕਿ ਸਕੂਲ ਵਿਚ ਵਿਦਿਆਰਥੀ ਵੱਧ ਸਨ ਤੇ ਪ੍ਰੀਖਿਆ ਪੱਤਰ ਦੇ ਪ੍ਰਿੰਟ ਲੈਣ ਲਈ ਵਾਧੂ ਸਮਾਂ ਲੱਗਿਆ।
ਜੈਨਰੇਟਰਾਂ ਤੇ ਫੋਟੋ ਸਟੇਟ ਮਸ਼ੀਨਾਂ ਵਾਲਿਆਂ ਦੀ ਚਾਂਦੀ
ਅੰਗਰੇਜ਼ੀ ਦੀ ਪ੍ਰੀਖਿਆ ਜ਼ਰੂਰੀ ਵਿਸ਼ਾ ਹੋਣ ਕਾਰਨ ਵੱਡੀ ਗਿਣਤੀ ਵਿਦਿਆਰਥੀਆਂ ਲਈ ਜ਼ਿਆਦਾ ਪ੍ਰਸ਼ਨ ਪੱਤਰਾਂ ਦੀ ਲੋੜ ਪਈ। ਕਈ ਸਕੂਲਾਂ ਵਾਲਿਆਂ ਕੋਲ ਤਾਂ ਆਪਣੀਆਂ ਫੋਟੋਸਟੇਟ ਮਸ਼ੀਨਾਂ ਹਨ ਪਰ ਪਿੰਡਾਂ ਤੇ ਕਲੋਨੀਆਂ ਦੇ ਸਰਕਾਰੀ ਸਕੂਲਾਂ ਨੇ ਫੋਟੋਸਟੇਟ ਮਸ਼ੀਨਾਂ ਕਿਰਾਏ ’ਤੇ ਲਈਆਂ। ਇੱਥੋਂ ਦੇ ਇਕ ਸਕੂਲ ਮੁਖੀ ਨੇ ਦੱਸਿਆ ਕਿ ਪਹਿਲਾਂ ਤਾਂ ਫੋਟੋਸਟੇਟ ਮਸ਼ੀਨ ਮਿਲੀ ਨਹੀਂ ਤੇ ਬਾਅਦ ਵਿੱਚ ਮਸ਼ੀਨ ਵਾਲੇ ਨੇ 4500 ਰੁਪਏ ਮੰਗੇ ਜੋ ਉਨ੍ਹਾਂ ਨੂੰ ਦੇਣੇ ਪਏ। ਕੈਂਬਵਾਲਾ ਦੇ ਸਰਕਾਰੀ ਸਕੂਲ ਵਿੱਚ ਤਾਂ ਬਿਜਲੀ ਜਾਣ ਦੀ ਸੂਰਤ ਵਿੱਚ ਜੈਨਰੇਟਰ ਕਿਰਾਏ ’ਤੇ ਲਿਆਂਦਾ ਗਿਆ। ਸੈਕਟਰ-35 ਦੇ ਸਰਕਾਰੀ ਸਕੂਲ ਵਿਚ 10 ਮਿੰਟ ਲਈ ਲਾਈਟ ਚਲੀ ਗਈ ਜਿਸ ਕਾਰਨ ਪ੍ਰੀਖਿਆ ਲੇਟ ਸ਼ੁਰੂ ਹੋਈ।
ਸਕੂਲਾਂ ਵਿੱਚ ਦਾਖਲੇ ਲਈ ਆਰਟੀ-ਪੀਸੀਆਰ ਰਿਪੋੋਰਟ ਜ਼ਰੂਰੀ
ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਭਜੋਤ ਕੌਰ ਨੇ ਅੱਜ ਸਕੂਲਾਂ ਨੂੰ ਹਦਾਇਤਾਂ ਜਾਰੀ ਕਰ ਕੇ ਕਿਹਾ ਹੈ ਕਿ ਪ੍ਰਸ਼ਾਸਕ ਦੇ ਹੁਕਮਾਂ ਅਨੁਸਾਰ ਕੋਈ ਵੀ ਅਧਿਕਾਰੀ, ਸਕੂਲ ਮੁਖੀ, ਅਧਿਆਪਕ, ਠੇਕਾ ਮੁਲਾਜ਼ਮ ਜਿਨ੍ਹਾਂ ਨੇ ਕਰੋਨਾ ਟੀਕੇ ਦੀ ਪਹਿਲੀ ਡੋਜ਼ ਨਹੀਂ ਲਗਵਾਈ, ਉਹ ਆਰਟੀ-ਪੀਸੀਆਰ ਰਿਪੋਰਟ ਨਾਲ ਹੀ ਸਕੂਲ ਵਿੱਚ ਦਾਖਲ ਹੋ ਸਕਦੇ ਹਨ। ਇਹ ਰਿਪੋਰਟ 72 ਘੰਟੇ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ। ਜੇ ਕਿਸੇ ਅਧਿਕਾਰੀ ਖ਼ਿਲਾਫ ਸ਼ਿਕਾਇਤ ਆਉਂਦੀ ਹੈ ਕਿ ਉਸ ਨੇ ਕਰੋਨਾ ਟੀਕੇ ਦੀ ਪਹਿਲੀ ਡੋਜ਼ ਨਹੀਂ ਲਈ ਜਾਂ ਬਿਨਾਂ ਆਰਟੀ-ਪੀਸੀਆਰ ਦੇ ਡਿਊਟੀ ਕਰ ਰਿਹਾ ਹੈ ਤਾਂ ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।