ਐੱਸਏਐੱਸ ਨਗਰ (ਮੁਹਾਲੀ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੀ ਜਨਵਰੀ 2021 ਦੌਰਾਨ ਕਰਵਾਈ ਗਈ ਸੁਨਹਿਰੀ ਮੌਕੇ ਦੀ ਪ੍ਰੀਖਿਆ ਦਾ ਨਤੀਜਾ ਬੁੱਧਵਾਰ ਨੂੰ ਬਾਅਦ ਦੁਪਹਿਰ ਐਲਾਨ ਦਿੱਤਾ ਗਿਆ। ਇਹ ਜਾਣਕਾਰੀ ਦਿੰਦਿਆਂ ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜੇਆਰ ਮਹਿਰੋਕ ਨੇ ਦੱਸਿਆ ਕਿ ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਦਿੱਤੇ ਇਸ ਉਚੇਚੇ ਮੌਕੇ ਦੀ ਪ੍ਰੀਖਿਆ ਵਿੱਚ ਦਸਵੀਂ ਦੇ ਕੁੱਲ 103 ਪ੍ਰੀਖਿਆਰਥੀ ਅਪੀਅਰ ਹੋਏ ਸੀ, ਜਿਨ੍ਹਾਂ ’ਚੋਂ 79 ਪ੍ਰੀਖਿਆਰਥੀ ਪਾਸ ਹੋਏ ਹਨ ਜਦੋਂਕਿ ਬਾਰ੍ਹਵੀਂ ਵਿੱਚ ਅਪੀਅਰ ਹੋਏ ਕੁੱਲ 531 ’ਚੋਂ 500 ਪ੍ਰੀਖਿਆਰਥੀ ਪਾਸ ਹੋਏ। ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਦਸਵੀਂ ਦੇ 76.69 ਫੀਸਦੀ ਅਤੇ ਬਾਰ੍ਹਵੀਂ ਦੇ 96.90 ਫੀਸਦੀ ਵਿਦਿਆਰਥੀ ਪਾਸ ਹੋਏ। ਪ੍ਰੀਖਿਆਰਥੀ ਨਤੀਜੇ ਦੀ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਅਤੇ www.indiaresults.com ’ਤੇ ਦੇਖ ਸਕਦੇ ਹਨ।
-ਪੱਤਰ ਪ੍ਰੇਰਕ