ਮੁਕੇਸ਼ ਕੁਮਾਰ
ਚੰਡੀਗੜ੍ਹ, 30 ਅਗਸਤ
ਇਥੇ ਸੈਕਟਰ 13 ਮਨੀਮਾਜਰਾ ਸਥਿਤ ਮਾਡਰਨ ਕੰਪਲੈਕਸ ਵਿੱਚ ਉਸ ਵੇਲੇ ਮਾਹੌਲ ਤਣਾਅ ਪੂਰਨ ਹੋ ਗਿਆ ਜਦੋਂ ਇਥੇ ਬਣੇ ਲਗਪਗ ਦੋ ਸੌ ਸਾਲ ਪੁਰਾਣੇ ਮੰਦਰ ਦਾ ਮੁੱਖ ਗੇਟ ਬੰਦ ਕਰਨ ਲਈ ਨਗਰ ਨਿਗਮ ਅਤੇ ਪ੍ਰਸ਼ਾਸਨ ਦਾ ਦਸਤਾ ਪੁੱਜਿਆ। ਪ੍ਰਸ਼ਾਸਨ ਦੀ ਇਸ ਕਾਰਵਾਈ ਨੂੰ ਲੈ ਕੇ ਮੰਦਰ ਕਮੇਟੀ ਸਮੇਤ ਸਥਾਨਕ ਵਾਸੀ ਵਿਰੋਧ ਵਿੱਚ ਇਕੱਠੇ ਹੋ ਗਏ। ਮਾਮਲੇ ਦੀ ਸੂਚਨਾ ਮਿਲਦੇ ਹੀ ਮੇਅਰ ਸਰਬਜੀਤ ਕੌਰ ਢਿੱਲੋਂ ਮੌਕੇ ’ਤੇ ਪੁੱਜੀ ਅਤੇ ਮੰਦਰ ਦਾ ਮੁੱਖ ਦਰਵਾਜ਼ਾ ਬੰਦ ਕਰਨ ਲਈ ਪੁੱਜੀ ਪ੍ਰਸ਼ਾਸਨ ਦੀ ਟੀਮ ਨਾਲ ਗੱਲਬਾਤ ਕੀਤੀ। ਲੋਕਾਂ ਦੇ ਵਿਰੋਧ ਅਤੇ ਮੇਅਰ ਦੇ ਦਖਲ ਤੋਂ ਬਾਅਦ ਪ੍ਰਸ਼ਾਸਨ ਦੀ ਟੀਮ ਨੂੰ ਵਾਪਸ ਪਰਤਣਾ ਪਿਆ। ਮੇਅਰ ਸ੍ਰੀਮਤੀ ਸਰਬਜੀਤ ਕੌਰ ਨੇ ਦੱਸਿਆ ਕਿ ਕਿਸੇ ਸ਼ਿਕਾਇਤ ਦੇ ਆਧਾਰ ’ਤੇ ਇਥੇ ਮਾਡਰਨ ਕੰਪਲੈਕਸ ਦੇ ਚੁਫੇਰਿਓਂ ਅਣਅਧਿਕਾਰਤ ਐਂਟਰੀ ਪੁਆਇੰਟ ਬੰਦ ਕਰਨ ਦੇ ਨਿਰਦੇਸ਼ ਹਨ। ਇਨ੍ਹਾਂ ਨਿਰਦੇਸ਼ਾਂ ਅਨੁਸਾਰ ਨਿਗਮ ਅਤੇ ਪ੍ਰਸ਼ਾਸਨ ਦੀ ਟੀਮ ਇਥੇ ਮਨੀਮਾਜਰਾ ਵਿੱਚ ਬਣੇ ਠਾਕੁਰ ਦਵਾਰਾ ਮੰਦਰ, ਜਿਸ ਦਾ ਗੇਟ ਮਾਡਰਨ ਕੰਪਲੈਕਸ ਦੇ ਅੰਦਰ ਵਾਲੇ ਪਾਸੇ ਹੈ, ਨੂੰ ਬੰਦ ਕਰਨ ਪੁੱਜੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਦੇ ਹੀ ਉਹ ਉਥੇ ਪੁੱਜੇ ਅਤੇ ਨਿਗਮ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮੰਦਰ ਦੇ ਇਤਿਹਾਸ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਇਹ ਮੰਦਰ ਲਗਪਗ ਦੋ ਸੌ ਸਾਲ ਪੁਰਾਣਾ ਹੈ ਜਦੋਂ ਕਿ ਮਾਡਰਨ ਕੰਪਲੈਕਸ ਇਸ ਤੋਂ ਬਾਅਦ ਹੁਣੇ ਕੁੱਝ ਸਾਲ ਪਹਿਲਾਂ ਬਣਿਆ ਹੈ। ਉਨ੍ਹਾਂ ਦੱਸਿਆ ਕਿ ਮੰਦਰ ਕੰਪਲੈਕਸ ਦੇ ਅੰਦਲਰੇ ਪਾਸੇ ਦਾ ਗੇਟ ਕੋਈ ਅਣਅਧਿਕਾਰਤ ਐਂਟਰੀ ਪੁਆਇੰਟ ਨਹੀਂ ਹੈ। ਇਹ ਮੰਦਿਰ ਦਾ ਐਂਟਰੀ ਗੇਟ ਹੈ, ਨਾ ਕਿ ਕੋਈ ਆਮ ਰਸਤਾ। ਉਨ੍ਹਾਂ ਨਿਗਮ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਮਝਾਇਆ ਕਿ ਮੰਦਰ ਨਾਲ ਲੋਕਾਂ ਦੀ ਆਸਥਾ ਜੁੜੀ ਹੋਈ ਹੈ। ਮੰਦਰ ਦਾ ਗੇਟ ਕਿਸੇ ਵੀ ਸੂਰਤ ਵਿੱਚ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਮੇਅਰ ਵਲੋਂ ਕੀਤੀ ਗਈ ਗੱਲਬਾਤ ਤੋਂ ਬਾਅਦ ਨਿਗਮ ਅਤੇ ਪ੍ਰਸ਼ਾਸਨ ਦਾ ਦਸਤਾ ਵਾਪਸ ਪਰਤ ਗਿਆ। ਇਸ ਤੋਂ ਬਾਅਦ ਸਥਾਨਕ ਵਾਸੀਆਂ ਨੇ ਮੇਅਰ ਸਰਬਜੀਤ ਕੌਰ ਢਿੱਲੋਂ ਦਾ ਹਾਰ ਪਾ ਕੇ ਧੰਨਵਾਦ ਕੀਤਾ।