ਹਰਜੀਤ ਸਿੰਘ
ਜ਼ੀਰਕਪੁਰ, 6 ਅਗਸਤ
ਮੁੱਖ ਅੰਸ਼
- ਨਗਰ ਕੌਂਸਲ ਨੇ ਖੱਡਿਆਂ ਵਿੱਚ ਮਲਬਾ ਭਰਨ ਦੀ ਕਾਰਵਾਈ ਆਰੰਭੀ
- ਵੀਆਈਪੀ ਰੋਡ ’ਤੇ ਵਾਪਰੇ ਹਾਦਸੇ ਦਾ ਮੁਹਾਲੀ ਦੀ ਏਡੀਸੀ ਨੇ ਲਿਆ ਸੀ ਗੰਭੀਰ ਨੋਟਿਸ
-
ਕੌਂਸਲ ਨੂੰ ਸੜਕਾਂ ਦੀ ਮੁਰੰਮਤ ਬਾਰੇ ਦਿੱਤੀਆਂ ਹਦਾਇਤਾਂ
ਇਥੋਂ ਦੀ ਖਸਤਾ ਹਾਲ ਵੀਆਈਪੀ ਸੜਕ ’ਤੇ ਲੰਘੇ ਦਿਨੀਂ ਖੱਡ ਵਿੱਚ ਡਿੱਗਣ ਕਾਰਨ ਨੌਜਵਾਨ ਦੀ ਹੋਈ ਮੌਤ ਤੋਂ ਬਾਅਦ ਨਗਰ ਕੌਂਸਲ ਦੇ ਅਧਿਕਾਰੀ ਹਰਕਤ ਵਿੱਚ ਆ ਗਏ ਹਨ। ਕੌਂਸਲ ਵੱਲੋਂ ਹੁਣ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੀ ਆਰਜ਼ੀ ਤੌਰ ’ਤੇ ਮੁਰੰਮਤ ਕਰਵਾਈ ਜਾ ਰਹੀ ਹੈ। ਕੌਂਸਲ ਵੱਲੋਂ ਸ਼ਹਿਰ ਦੇ ਵੱਖ ਵੱਖ ਖੇਤਰਾਂ ਦੀਆਂ ਸੜਕਾਂ ’ਤੇ ਪਏ ਖੱਡਿਆਂ ਨੂੰ ਅੱਜ ਮਲਬਾ ਪਾ ਕੇ ਪੂਰਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੀਆਂ ਸੜਕਾਂ ਲੰਮੇ ਸਮੇਂ ਤੋਂ ਮੁਰੰਮਤ ਨੂੰ ਤਰਸ ਰਹੀਆਂ ਹਨ। ਇਥੋਂ ਦੀ ਢਕੌਲੀ-ਗਾਜ਼ੀਪੁਰ ਸੜਕ, ਚੰਡੀਗੜ੍ਹ-ਅੰਬਾਲਾ ਹਾਈਵੇਅ ਤੋਂ ਨਗਲਾ ਸੜਕ, ਪਿੰਡ ਦਿਆਲਪੁਰਾ ਨੂੰ ਜਾਣ ਵਾਲੀ ਲਿੰਕ ਸੜਕ, ਪਿੰਡ ਛੱਤ, ਕਿਸ਼ਨਪੁਰਾ ਅਤੇ ਪੀਰਮੁਛੱਲਾ ਨੂੰ ਜਾਣ ਵਾਲੀ ਸੜਕ ਸਣੇ ਸ਼ਹਿਰ ਦੀਆਂ ਅੰਦਰੂਨੀ ਸੜਕਾਂ ’ਤੇ ਟੋਏ ਪਏ ਹੋਏ ਹਨ। ਇਨ੍ਹਾਂ ਵਿੱਚ ਡਿੱਗ ਕੇ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਲੰਮੇ ਸਮੇਂ ਤੋਂ ਸਥਾਨਕ ਲੋਕ ਇਨ੍ਹਾਂ ਸੜਕਾਂ ਦੀ ਮੁਰੰਮਤ ਦੀ ਮੰਗ ਕਰ ਰਹੇ ਸਨ। ਸੜਕਾਂ ਦੀ ਮੁਰੰਮਤ ਨਾ ਹੋਣ ਕਾਰਨ ਸਥਾਨਕ ਲੋਕ ਕਈ ਵਾਰ ਨਗਰ ਕੌਂਸਲ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕਰ ਚੁੱਕੇ ਹਨ।
ਲੰਘੇ ਦਿਨੀਂ ਵੀਆਈਪੀ ਰੋਡ ’ਤੇ ਮੋਟਰਸਾਈਕਲ ਸਵਾਰ ਨੌਜਵਾਨ ਸੜਕ ’ਤੇ ਪਏ ਖੱਡੇ ਵਿੱਚ ਡਿੱਗ ਕੇ ਸੰਤੁਲਨ ਗੁਆ ਬੈਠਾ ਤੇ ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾ ਕੇ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਰੋਹ ਵਿੱਚ ਆਏ ਲੋਕਾਂ ਨੇ ਲਾਸ਼ ਸੜਕ ਵਿਚਾਲੇ ਰੱਖ ਕੇ ਕੌਂਸਲ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ। ਇਸ ਦਾ ਏ.ਡੀ.ਸੀ. (ਵਿਕਾਸ) ਮੁਹਾਲੀ ਪੂਜਾ ਸਿਆਲ ਵੱਲੋਂ ਗੰਭੀਰ ਨੋਟਿਸ ਲੈਂਦਿਆਂ ਕੌਂਸਲ ਨੂੰ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਕਰਨ ਦੀ ਹਦਾਇਤ ਕੀਤੀ ਗਈ ਸੀ। ਨਗਰ ਕੌਂਸਲ ਨੇ ਹੁਣ ਸ਼ਹਿਰ ਦੀਆਂ ਸੜਕਾਂ ’ਤੇ ਪਏ ਖੱਡਿਆਂ ਨੂੰ ਮਬਲੇ ਨਾਲ ਪੂਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਮੌਨਸੂਨ ਮਗਰੋਂ ਹੋਵੇਗੀ ਸੜਕਾਂ ਦੀ ਪੱਕੀ ਮੁਰੰਮਤ: ਕੌਂਸਲ ਪ੍ਰਧਾਨ
ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਕੌਂਸਲ ਵੱਲੋਂ ਫਿਲਹਾਲ ਖੱਡੇ ਪੂਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਸੜਕਾਂ ਦੀ ਪੱਕੇ ਤੌਰ ’ਤੇ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਜਾਏਗਾ।