ਅਤਰ ਸਿੰਘ
ਡੇਰਾਬੱਸੀ, 31 ਜੁਲਾਈ
ਆਮ ਲੋਕਾਂ ਦੀਆਂ ਲੋੜਾਂ ਅਤੇ ਮੰਗਾਂ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਤਾਲਾਬੰਦੀ ’ਚ ਕੁੱਝ ਖੁੱਲ੍ਹ ਦਿੱਤੀ ਗਈ ਸੀ ਕਿ ਲੋਕ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਖਰੀਦਦਾਰੀ ਕਰ ਸਕਣ। ਪਰ ਲੋਕਾਂ ਨੇ ਇਸ ਖੁੱਲ੍ਹ ਦਾ ਨਾਜਾਇਜ਼ ਲਾਭ ਲੈਣਾ ਸ਼ੁਰੂ ਕਰ ਦਿੱਤਾ ਹੈ। ਡੇਰਾਬੱਸੀ ਵਿੱਚ ਵੱਡੀ ਗਿਣਤੀ ਲੋਕ ਬਸ ਅੱਡੇ ਤੋਂ ਸਵਾਰੀਆਂ ਢੋਣ ਵਾਲੇ ਤਿੰਨ ਪਹੀਆ ਵਾਹਨਾਂ ’ਤੇ ਬੈਠ ਕੇ ਸਫ਼ਰ ਕਰਦੇ ਹਨ। ਟੈਂਪੂ ਵਿੱਚ ਸਵਾਰੀਆਂ ਨੱਕੋ-ਨੱਕ ਭਰੀਆਂ ਹੁੰਦੀਆਂ ਹਨ ਅਤੇ ਕਿਸੇ ਨੇ ਮਾਸਕ ਵੀ ਨਹੀਂ ਪਾਇਆ ਹੁੰਦਾ। ਇਸ ਸਬੰਧੀ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਡੇਰਾਬੱਸੀ ਵਿੱਚ ਹੁਣ ਤਕ ਕਰੋਨਾਵਾਇਰਸ ਦੇ 184 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁਕੇ ਹਨ। ਪਰ ਹਾਲੇ ਵੀ ਲੋਕ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਕਰੋਨਾਵਾਇਰਸ ਦਾ ਖ਼ਤਰਾ ਹਾਲੇ ਵੀ ਪਹਿਲਾਂ ਵਾਂਗ ਹੀ ਬਰਕਰਾਰ ਹੈ। ਇਸ ਕਰਕੇ ਲੋਕਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ। ਤਾਲਾਬੰਦੀ ਵਿੱਚ ਢਿੱਲ ਦਿੱਤੇ ਜਾਣ ਮਗਰੋਂ ਲੋਕ ਸਰਕਾਰੀ ਹਦਾਇਤਾਂ ਨੂੰ ਅਣਡਿੱਠ ਕਰਦਿਆਂ ਜ਼ਰੂਰੀ ਸਾਵਧਾਨੀਆਂ ਨਹੀਂ ਵਰਤ ਰਹੇ, ਜੋ ਕਿ ਸਿਹਤ ਲਈ ਹਾਨੀਕਾਰਕ ਹਨ। ਲੋਕ ਬੇਖ਼ੌਫ਼ ਹੋ ਕੇ ਬਿਨਾਂ ਮੂੰਹ ਢਕੇ ਘੁੰਮ ਰਹੇ ਹਨ ਅਤੇ ਬਿਨਾਂ ਕਿਸੇ ਕੰਮ ਬਾਜ਼ਾਰਾਂ ਵਿੱਚ ਜਾ ਰਹੇ ਹਨ। ਸੀਨੀਅਰ ਮੈਡੀਕਲ ਅਫ਼ਸਰ ਡਾ. ਸੰਗੀਤਾ ਜੈਨ ਨੇ ਕਿਹਾ ਬਹੁਤ ਜ਼ਰੂਰੀ ਕੰਮ ਪੈਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਮਾਸਕ ਪਾ ਕੇ ਹੀ ਨਿਕਲਿਆ ਜਾਵੇ।
ਨਿਯਮਾਂ ਦੀ ਉਲੰਘਣਾ ਕਰਨ ’ਤੇ ਹੋਵੇਗੀ ਕਾਰਵਾਈ: ਐੱਸਡੀਐੱਮ
ਇਸ ਦੌਰਾਨ ਡੇਰਾਬੱਸੀ ਦੇ ਐੱਸਡੀਐੱਮ ਕੁਲਦੀਪ ਬਾਵਾ ਨੇ ਕਿਹਾ ਕਿ ਲੋਕਾਂ ਨੂੰ ਇਸ ਔਖੀ ਘੜੀ ਵਿੱਚ ਕਰੋਨਾ ਮਹਾਮਾਰੀ ਤੋਂ ਬਚਣ ਲਈ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ। ਜੇ ਕੋਈ ਵੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।